
ਸੁਰੱਖਿਆ ਵਾਪਸੀ ਤੋਂ ਬਾਅਦ ਸਪੋਕਸਮੈਨ ਟੀ.ਵੀ. 'ਤੇ ਪ੍ਰਤਾਪ ਸਿੰਘ ਬਾਜਵਾ ਨੇ ਕੀਤੇ ਕੈਪਟਨ 'ਤੇ ਤਿੱਖੇ ਹਮਲੇ
ਚੰਡੀਗੜ੍ਹ, 9 ਅਗੱਸਤ (ਗੁਰਉਪਦੇਸ਼ ਭੁੱਲਰ): ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਮੌਜੂਦਾ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਸਰਕਾਰ ਵਲੋਂ ਉਨ੍ਹਾਂ ਦੀ ਸੁਰੱਖਿਆ ਵਾਪਸ ਲੈਣ 'ਤੇ ਸਖ਼ਤ ਪ੍ਰਤੀਕਿਰਿਆ ਦਿਤੀ ਹੈ। ਸਪੋਕਸਮੈਨ ਟੀ.ਵੀ. ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਉਨ੍ਹਾਂ ਕਿਹਾ,''ਮੈਂ ਕਿਸੇ ਤੋਂ ਡਰਨ ਵਾਲਾ ਨਹੀਂ ਅਤੇ ਹੁਣ ਫ਼ੈਸਲਾਕੁੰਨ ਲੜਾਈ ਹੋਵੇਗੀ। ਮੈਂ ਕੈਪਟਨ ਅਮਰਿੰਦਰ ਸਿੰਘ ਵਲੋਂ ਦਿਖਾਈ ਫਿਰਖਾਦਿਲੀ ਦਾ ਧਨਵਾਦੀ ਹਾਂ। ਇਸ ਨਾਲ ਇਹ ਪਤਾ ਲੱਗ ਗਿਆ ਹੈ ਕਿ ਉਹ ਕਿਸ ਪੱਧਰ ਦੀ ਨੀਵੀ ਰਾਜਨੀਤੀ ਤੇ ਉਤਰ ਸਕਦੇ ਹਨ।''
ਬਾਜਵਾ ਨੇ ਕਿਹਾ ਕਿ ਮੇਰੀ ਕੇਂਦਰ ਸਰਕਾਰ ਤੋਂ ਜ਼ੈੱਡ ਸੁਰੱਖਿਆ ਕਾਂਗਰਸ ਨੇਤਾਵਾਂ ਗੁਲਾਬ ਨਬੀ ਆਜ਼ਾਦ ਤੇ ਹੋਰਨਾਂ ਨੇ ਬਹਾਲ ਕਰਵਾਈ ਹੈ। ਉਨ੍ਹਾਂ ਭਾਜਪਾ ਨਾਲ ਸਬੰਧਾਂ ਤੋਂ ਇਨਕਾਰ ਕੀਤਾ। ਉਲਟਾ ਦੋਸ਼ ਲਾਉਂਦਿਆਂ ਕਿਹਾ ਕਿ ਭਾਜਪਾ ਨਾਲ ਤਾਂ ਸਬੰਧ ਕੈਪਟਨ ਅਮਰਿੰਦਰ ਸਿੰਘ ਦੇ ਹਨ। ਮੇਰੇ ਪਿਤਾ ਦਾ ਅਤਿਵਾਦੀਆਂ ਨੇ ਕਤਲ ਕੀਤਾ ਤੇ ਮੇਰੇ ਉਪਰ ਵੀ ਬੰਬ ਧਮਾਕਾ ਹੋਇਆ ਸੀ ਪਰ ਜਦੋਂ ਹੁਣ ਮੈਂ ਕੈਪਟਨ ਵਿਰੁਧ ਦੋ ਗੋਲੇ ਦਾਗ ਦਿਤੇ ਤਾਂ ਮੇਰਾ ਖ਼ਤਰਾ ਜ਼ੀਰੋ ਹੋ ਗਿਆ। ਉਨ੍ਹਾਂ ਸਵਾਲ ਚੁਕਿਆ ਕਿ ਜੈੱਡ ਪਲੱਸ ਸੁਰੱਖਿਆ ਦੇ ਬਾਵਜੂਦ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਨੂੰ ਵੀ ਪੰਜਾਬ ਸਰਕਾਰ ਨੇ 50-50 ਗੰਨਮੈਨ ਦਿਤੇ ਹਨ। ਉਨ੍ਹਾਂ ਕੈਪਟਨ 'ਤੇ ਵਰ੍ਹਦਿਆਂ ਕਿਹਾ ਕਿ ਹੁਣ ਉਸ ਨੇ ਬਾਜਵਾ ਤੇ ਦੂਲੋ ਨੂੰ ਛੇੜਿਆ ਹੈ।
Partap Singh Bajwa
ਉਨ੍ਹਾਂ ਰਾਜਪਾਲ ਨੂੰ ਮੰਗ ਪੱਤਰ ਦੇਣ ਨੂੰ ਵੀ ਜਾਇਜ਼ ਦਸਦਿਆਂ ਕਿਹਾ ਕਿ ਜਦੋਂ ਸੂਬੇ ਵਿਚ ਲੁੱਟ ਖਸੁੱਟ ਦਾ ਰਾਜ ਹੋਵੇ ਅਤੇ ਮੁੱਖ ਮੰਤਰੀ ਸਾਡੀ ਸੁਣਵਾਈ ਨਾ ਕਰਦਾ ਹੋਵੇ ਤਾ ਅਸੀ ਅੱਖਾਂ ਤੇ ਪੱਟੀ ਬੰਨ੍ਹ ਕੇ ਕੰਨ ਵਿਚ ਰੂੰ ਦੇ ਕੇ ਨਹੀਂ ਸੋਂ ਸਕਦੇ। ਬਾਜਵਾ ਨੇ ਕਿਹਾ ਕਿ ਅਸੀ 10 ਸਾਲ ਪਾਰਟੀ ਦੇ ਕਾਡਰ ਦੇ ਹੌਂਸਲੇ ਬੁਲੰਦ ਕਰ ਕੇ ਉਨ੍ਹਾਂ ਨੂੰ ਬਾਦਲਾਂ ਵਿਰੁਧ ਔਖੇ ਸਮੇਂ ਖੜਾ ਕੀਤੇ ਬਾਅਦ ਵਿਚ ਕੈਪਟਨ ਨੇ ਬਣੀ ਬਣਾਈ ਫ਼ਸਲ ਵੱਢ ਕੇ ਪ੍ਰਧਾਨਗੀ ਸਾਂਭ ਲਈ ਪਰ ਅਸੀ ਪੰਜਾਬ ਦੇ ਹਿਤ ਵਿਚ ਫਿਰ ਵੀ ਸਹਿਯੋਗ ਦਿਤਾ। ਉਨ੍ਹਾਂ ਸੁਨੀਲ ਜਾਖੜ 'ਤੇ ਵੀ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਇਸ ਦੇ ਲਤਾਂ ਵਿਚ ਦਮ ਨਹੀਂ ਤੇ ਇਸ ਨੇ ਮਹਾਂਭਾਰਤ ਦਾ ਸ਼ੁਕਨੀ ਵਾਲਾ ਰੋਲ ਕੀਤਾ ਹੈ।
ਜਾਖੜ ਵਲੋਂ ਸ਼ਾਇਰਾਨਾ ਅੰਦਾਜ਼ ਵਿਚ ਪਲਟਵਾਰ- ਇਸੇ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਪ੍ਰਤਾਪ ਸਿੰਘ ਬਾਜਵਾ 'ਤੇ ਸ਼ਾਇਰਾਨਾ ਅੰਦਾਜ਼ ਵਿਚ ਪਲਟਵਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਹੀ ਬਾਜਵਾ ਦੇ ਦੋਸ਼ਾਂ ਦਾ ਜਵਾਬ ਹੈ। ਉਨ੍ਹਾਂ ਇਕ ਸ਼ਾਇਰੀ ਦੀ ਮਹਿਫ਼ਲ ਦੀ ਵੀਡੀਉ ਟਵਿਟਰ 'ਤੇ ਪਾਈ ਹੈ। ਜਿਸ ਦੇ ਬੋਲ ਹਨ ਕਿ 'ਜੋ ਖ਼ਾਨਦਾਨੀ ਰਾਈਸ ਹੈ, ਵੋ ਮਿਜ਼ਾਜ ਰੱਖਤੇ ਹੈ ਅਪਨਾ, ਤੁਮਹਾਰਾ ਲਹਿਜ਼ਾ ਬਤਾ ਰਿਹਾ ਹੈ, ਤੁਮਾਰੀ ਦੌਲਤ ਨਈ ਨਈ ਹੈ।' ਇਸ ਵਿਚ ਸ਼ਾਇਰੀ ਰਾਹੀਂ ਹੀ ਕਈ ਕਟਾਕਸ਼ ਕੀਤੇ ਗਏ ਹਨ।