
ਵਿਦਿਆਰਥੀਆਂ ਦਾ ਕਹਿਣਾ ਹੈ ਕਿ ਜਦ ਕਲਾਸਾਂ ਨਹੀਂ ਲੱਗ ਰਹੀਆਂ ਤਾਂ ਫੀਸ ਕਿਉਂ ਲਈ ਜਾ ਰਹੀ ਹੈ।
ਚੰਡੀਗੜ੍ਹ - ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਵਿਦਿਆਰਥੀ ਜਥੇਬੰਦੀਆਂ ਲਗਾਤਾਰ ਸਮੈਸਟਰ ਫੀਸ ਵਿਰੁੱਧ ਪ੍ਰਦਰਸ਼ਨ ਕਰ ਰਹੀਆਂ ਹਨ। ਸੋਮਵਾਰ ਯਾਨੀ ਅੱਜ ਇਹਨਾਂ ਜਥੇਬੰਦੀਆਂ ਨੇ ਰਿਕਸ਼ੇ ਉੱਤੇ ਡਿਗਰੀਆਂ ਵੇਚਦੇ ਹੋਏ ਵਿਅੰਗਮਈ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਜਦ ਕਲਾਸਾਂ ਨਹੀਂ ਲੱਗ ਰਹੀਆਂ ਤਾਂ ਫੀਸ ਕਿਉਂ ਲਈ ਜਾ ਰਹੀ ਹੈ।
Punjab University
ਉਹਨਾਂ ਦਾ ਕਹਿਣਾ ਹੈ ਕਿ ਆਨਲਾਈਨ ਕਲਾਸਾਂ ਵਿਚ ਵਿਦਿਆਰਥੀ ਯੂਨੀਵਰਸਿਟੀ ਦੀਆਂ ਹੋਰ ਸੁਵਿਧਾਵਾਂ ਨਹੀਂ ਲੈ ਰਹੇ ਤਾਂ ਫਿਰ ਫ਼ੀਸ ਕਿਸ ਗੱਲ ਦੀ ਲਈ ਜਾ ਰਹੀ ਹੈ। ਵਿਦਿਆਰਥੀ ਕਾਂਊਸਲ ਦੇ ਪ੍ਰਧਾਨ ਚੇਤਨ ਚੌਧਰੀ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦੌਰਾਨ ਬਹੁਤ ਸਾਰੇ ਲੋਕਾਂ ਨੂੰ ਆਰਥਿਕ ਸਮੱਸਿਆਵਾਂ ਆਈਆਂ ਅਤੇ ਬਹੁਤਿਆਂ ਦੀ ਨੌਕਰੀ ਵੀ ਚਲੀ ਗਈ। "ਅਜਿਹੇ ਵਿਚ ਉਹ ਕਿਵੇਂ ਆਪਣੇ ਬੱਚਿਆਂ ਦੀਆਂ ਫੀਸਾਂ ਭਰ ਸਕਣਗੇ?"
Punjab University
ਕਾਊਂਸਲ ਦੇ ਉਪ ਪ੍ਰਧਾਨ ਰਾਹੁਲ ਦਾ ਕਹਿਣਾ ਸੀ ਕਿ ਜਿਵੇਂ ਲੱਖਾਂ ਰੁਪਏ ਫ਼ੀਸ ਲੈ ਕੇ ਯੂਨੀਵਰਸਿਟੀ ਡਿਗਰੀਆਂ ਵੇਚ ਰਹੀ ਹੈ, ਉਵੇਂ ਹੀ ਉਹ ਡਿਗਰੀਆਂ ਵੇਚ ਕੇ ਯੂਨੀਵਰਸਿਟੀ ਨੂੰ ਪੈਸੇ ਇਕੱਠੇ ਕਰ ਕੇ ਦੇ ਦੇਣਗੇ ਤਾਂ ਕਿ ਵਿਦਿਆਰਥੀਆਂ ਤੋਂ ਫੀਸਾਂ ਨਾ ਲਈਆਂ ਜਾਣ। ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਸ਼ਾਂਤ ਕਰਨ ਲਈ ਗੱਲਬਾਤ ਦਾ ਰੁਖ਼ ਅਖ਼ਤਿਆਰ ਕੀਤਾ ਹੈ।