
ਤਖ਼ਤਾਂ ਦੇ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਦੀ ਚੁੱਪ ਤੋਂ ਪੰਥਕ ਹਲਕੇ ਪ੍ਰੇਸ਼ਾਨ
ਕੋਟਕਪੂਰਾ, 9 ਅਗੱਸਤ (ਗੁਰਿੰਦਰ ਸਿੰਘ) : ਗਿਆਨੀ ਇਕਬਾਲ ਸਿੰਘ ਪਟਨਾ ਵਲੋਂ ਰਾਮ ਜਨਮ ਭੂਮੀ ਦੇ ਸਮਾਗਮ ਮੌਕੇ ਅਯੋਧਿਆ 'ਚ ਦਿਤੇ ਬਿਆਨ ਨਾਲ ਭਾਵੇਂ ਪੰਥਕ ਹਲਕਿਆਂ 'ਚ ਤਰਥੱਲੀ ਮਚ ਗਈ ਅਤੇ ਰੋਜ਼ਾਨਾ ਸਿੱਖ ਚਿੰਤਕਾਂ, ਪੰਥਕ ਵਿਦਵਾਨਾਂ ਅਤੇ ਪੰਥਦਰਦੀਆਂ ਵਲੋਂ ਗਿਆਨੀ ਇਕਬਾਲ ਸਿੰਘ ਵਿਰੁਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਪਰ ਤਖ਼ਤਾਂ ਦੇ ਜਥੇਦਾਰਾਂ ਦੀ ਹੈਰਾਨੀਜਨਕ ਚੁੱਪ ਨਾਲ ਕਈ ਸਵਾਲ ਪੈਦਾ ਹੋਣੇ ਸੁਭਾਵਕ ਹਨ।
ਹੁਣ ਸੋਸ਼ਲ ਮੀਡੀਏ ਰਾਹੀਂ ਕਿਸੇ ਪੰਥਦਰਦੀ ਨੇ ਦਾਅਵਾ ਕੀਤਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਸਮੇਤ ਸਾਰੇ ਤਖ਼ਤਾਂ ਦੇ ਜਥੇਦਾਰ ਉਨ੍ਹਾਂ ਸੰਪਰਦਾਈ ਤਾਕਤਾਂ ਦੇ ਪ੍ਰਭਾਵ ਹੇਠ ਹਨ, ਜੋ ਨਾ ਤਾਂ ਸਿੱਖ ਰਹਿਤ ਮਰਿਆਦਾ ਨੂੰ ਪ੍ਰਵਾਨ ਕਰਦੇ ਹਨ ਤੇ ਨਾ ਹੀ ਉਨ੍ਹਾਂ ਦਾ ਗੁਰਬਾਣੀ ਫ਼ਲਸਫ਼ੇ ਜਾਂ ਸਿੱਖ ਸਿਧਾਂਤਾਂ ਨਾਲ ਕੋਈ ਸਰੋਕਾਰ ਹੈ। ਉਸ ਨੇ ਗਿਆਨੀ ਗੁਰਬਚਨ ਸਿੰਘ ਭਿੰਡਰਾਂਵਾਲੇ ਦੀ ਲਿਖੀ ਪੁਸਤਕ 'ਗੁਰਬਾਣੀ ਪਾਠ ਦਰਪਣ' ਦੇ ਅਨੇਕਾਂ ਪੰਨੇ ਸੋਸ਼ਲ ਮੀਡੀਏ ਰਾਹੀਂ ਜਨਤਕ ਕਰਦਿਆਂ ਦਸਿਆ ਕਿ ਉਕਤ ਕਿਤਾਬ ਦੇ ਮੁੱਖ ਬੰਦ 'ਤੇ ਹੀ ਗੁਰੂ ਨਾਨਕ ਪਾਤਸ਼ਾਹ ਸਮੇਤ ਸਾਰੇ ਗੁਰੂ ਸਾਹਿਬਾਨ ਨੂੰ 'ਲਵ ਕੁਸ਼' ਦੀ ਔਲਾਦ ਦਰਸਾਇਆ ਗਿਆ ਹੈ।
File Photo
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ਦੌਰਾਨ ਗੁਰੂ ਗੋਬਿੰਦ ਸਿੰਘ ਵਲੋਂ ਗੋਬਿੰਦ ਰਮਾਇਣ ਲਿਖਣ ਦੇ ਕੀਤੇ ਜ਼ਿਕਰ ਤੋਂ ਬਾਅਦ ਵੀ ਅਨੇਕਾਂ ਸਿੱਖ ਸੰਸਥਾਵਾਂ ਤੇ ਪੰਥਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਵਿਰੋਧ ਕਰਦਿਆਂ ਸਖ਼ਤ ਪ੍ਰਤੀਕਰਮ ਦਿਤਾ ਪਰ ਉਨ੍ਹਾਂ ਨੂੰ ਇਸ ਗੱਲ ਦੀ ਹੈਰਾਨੀ ਜ਼ਰੂਰ ਹੈ ਕਿ ਬਾਦਲ ਪ੍ਰਵਾਰ, ਤਖ਼ਤਾਂ ਦੇ ਜਥੇਦਾਰ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਮੇਤ ਸਮੂਹ ਅਹੁਦੇਦਾਰ ਤੇ ਮੈਂਬਰ ਵੀ ਇਸ ਮੁੱਦੇ 'ਤੇ ਚੁੱਪ ਕਿਉਂ ਹਨ?
ਪੰਥਦਰਦੀਆਂ ਮੁਤਾਬਕ ਖ਼ਾਲਸਾ ਪੰਥ ਦੇ 300 ਸਾਲਾ ਸਾਜਨਾ ਪੁਰਬ ਮੌਕੇ 1999 'ਚ ਤਤਕਾਲੀਨ ਵਾਜਪਾਈ ਸਰਕਾਰ ਨੇ 100 ਕਰੋੜ ਰੁਪਏ ਜਾਰੀ ਕੀਤੇ ਸਨ, ਉਸ ਵਿਚੋਂ ਵੱਡੀ ਰਾਸ਼ੀ ਰਾਸ਼ਟਰੀ ਸਿੱਖ ਸੰਗਤ (ਆਰਐਸਐਸ) ਨੇ ਪੰਥ ਦੀਆਂ ਜੜ੍ਹਾਂ ਵੱਡਣ ਲਈ ਖ਼ਰਚ ਕੀਤੀ, ਕਿਉਂਕਿ ਉਕਤ ਰਾਸ਼ੀ ਨਾਲ ਇਕ ਗੁਰਬਾਣੀ ਰਿਸਰਚ ਫ਼ਾਉਂਡੇਸ਼ਨ ਦੀ ਸਥਾਪਨਾ ਕੀਤੀ ਗਈ, ਉਸ ਫ਼ਾਉਂਡੇਸ਼ਨ ਦੀ ਵੱਡੀ ਪ੍ਰਾਪਤੀ ਗੋਬਿੰਦ ਗੀਤਾ ਹੈ ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਕ੍ਰਿਤ ਕਹਿ ਕੇ ਪ੍ਰਚਾਰਿਆ ਜਾ ਰਿਹਾ ਹੈ। ਇਹ ਪੂਰੀ ਕਿਤਾਬ ਕ੍ਰਿਸ਼ਨ ਵਲੋਂ ਅਰਜੁਨ ਨੂੰ ਦਿਤੇ ਗਏ ਉਪਦੇਸ਼ 'ਤੇ ਆਧਾਰਤ ਹੈ। ਇਸ ਦਾ ਮੁੱਖ ਬੰਦ ਗਿਆਨੀ ਇਕਬਾਲ ਸਿੰਘ ਪਟਨਾ ਨੇ ਲਿਖਿਆ ਹੈ।