
ਸਿਹਤ ਮੰਤਰੀ ਨੇ ਚੀਮਾ ਨੂੰ ਪੁਛਿਆ
ਚੰਡੀਗੜ੍ਹ, 9 ਅਗੱਸਤ (ਸਪੋਕਸਮੈਨ ਸਮਾਚਾਰ ਸੇਵਾ) : ਅਖੌਤੀ 'ਦਿੱਲੀ ਮਾਡਲ' ਨੂੰ ਮਹਿਜ਼ ਅਰਵਿੰਦ ਕੇਜਰੀਵਾਲ ਸਰਕਾਰ ਵਲੋਂ ਦਿੱਲੀ ਵਿਚ ਅਪਣੀਆਂ ਨਾਕਾਮੀਆਂ 'ਤੇ ਪਰਦਾ ਪਾਉਣ ਅਤੇ ਲੋਕਾਂ ਦਾ ਧਿਆਨ ਭਟਕਾਉਣ ਦੀ ਇਕ ਸੋਚੀ-ਸਮਝੀ ਕੋਸ਼ਿਸ਼ ਦੱਸਦਿਆਂ ਸਿਹਤ ਤੇ ਪਰਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਐਤਵਾਰ ਨੂੰ ਕਿਹਾ ਕਿ ਦੇਸ਼ ਦੀ ਰਾਜਧਾਨੀ ਵਿਚ ਸੁਚੱਜੇ ਕੋਵਿਡ ਪ੍ਰਬੰਧਾਂ ਲਈ ਆਮ ਆਦਮੀ ਪਾਰਟੀ ਵਲੋਂ ਅਪਣੀ ਪਿੱਠ ਥਾਪੜਨਾ ਬੜਾ ਹਾਸੋਹੀਣਾ ਜਾਪਦਾ ਹੈ।
ਮੰਤਰੀ ਨੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾਂ ਦੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਲੋਂ ਕੋਵਿਡ ਮਹਾਂਮਾਰੀ ਨਾਲ ਨਜਿੱਠਣ ਲਈ ਕੀਤੇ ਪ੍ਰਬੰਧਾਂ ਨੂੰ ਗ਼ੈਰ-ਤਸੱਲੀਬਖ਼ਸ਼ ਆਖਣ ਵਾਲੇ ਬਿਆਨ ਨੂੰ ਹਾਸੋਹੀਣਾ ਤੇ ਬੇਤੁਕਾ ਦਸਿਆ ਹੈ। ਉਨ੍ਹਾਂ ਕਿਹਾ ਕਿ 'ਆਪ' ਵਿਧਾਇਕ ਇਸ ਪੱਖ ਤੋਂ ਜਾਣੂ ਨਹੀਂ ਹਨ ਕਿ ਹੋਰਨਾਂ ਰਾਜਾਂ ਦੇ ਮੁਕਾਬਲੇ ਪੰਜਾਬ ਕੋਵਿਡ ਨਾਲ ਨਜਿੱਠਣ ਲਈ ਸੱਭ ਤੋਂ ਸੁਚੱਜਾ ਤੇ ਵਧੀਆ ਕੰਮ ਕਰ ਰਿਹਾ ਅਤੇ ਦਿੱਲੀ ਸਰਕਾਰ ਦੇ ਅਧੂਰੇ ਸਿਹਤ ਪ੍ਰਬੰਧਾਂ ਦੀ ਤਸਵੀਰ ਹੁਣ ਪੂਰੀ ਤਰ੍ਹਾਂ ਜੱਗ ਜ਼ਾਹਰ ਹੋ ਚੁਕੀ ਹੈ। ਸਿੱਧੂ ਨੇ ਕਿਹਾ ਕਿ ਕੋਵਿਡ ਵਿਰੁਧ ਪੰਜਾਬ ਦੀ ਲੜਾਈ ਵਿਚ ਕੇਂਦਰ ਸਰਕਾਰ ਦੀ ਕੋਈ ਮਦਦ ਸ਼ਾਮਲ ਨਹੀਂ ਹੈ ਪਰ ਇਸ ਦੇ ਉਲਟ ਦਿੱਲੀ ਵਿਚ ਕੋਵਿਡ ਮਹਾਂਮਾਰੀ ਨਾਲ ਨਜਿੱਠਣ ਲਈ ਕੇਂਦਰ ਨੂੰ ਕੋਰੋਨਾ ਵਿਰੁਧ ਇਸ ਜੰਗ ਦੀ ਕਮਾਨ ਅਪਣੇ ਹੱਥਾਂ ਵਿਚ ਲੈਣੀ ਪਈ। 'ਆਪ' ਸਰਕਾਰ ਨੇ ਤਾਂ ਲੋਕਾਂ ਨੂੰ ਕੋਰੋਨਾ ਦੀ ਅਣਕਿਆਸੀ ਸਮੱਸਿਆ ਵਿਚ ਧੱਕ ਦਿਤਾ ਸੀ ਪਰ ਕੇਂਦਰ ਦੀ ਮਦਦ ਨਾਲ ਹੀ ਸ਼ਹਿਰ ਨੂੰ ਇਸ ਵੱਡੀ ਸਮੱਸਿਆ ਤੋਂ ਨਿਜਾਤ ਦਿਵਾਉਣਾ ਸੰਭਵ ਹੋ ਸਕਿਆ।
ਮੰਤਰੀ ਨੇ ਕਿਹਾ ਕਿ ਹੁਣ ਤਾਂ ਦਿੱਲੀ ਹਾਈ ਕੋਰਟ ਵਲੋਂ ਵੀ ਕੇਜਰੀਵਾਲ ਸਰਕਾਰ ਨੂੰ ਮਹਾਂਮਾਰੀ ਦੀ ਰਣਨੀਤੀ ਬਾਰੇ ਲਗਾਤਾਰ ਸਵਾਲ ਪੁੱਛੇ ਜਾ ਰਹੇ ਹਨ। ਉਨ੍ਹਾਂ ਯਾਦ ਦਿਵਾਇਆ ਕਿ ਪਿਛਲੇ ਹਫ਼ਤੇ ਹੀ ਅਦਾਲਤ ਨੇ ਟੈਸਟਿੰਗ ਨੂੰ ਵਧਾਉਣ ਵਿਚ ਹੋਈ ਪ੍ਰਗਤੀ ਦੀ ਨਿਗਰਾਨੀ ਵਿਚ ਦਿੱਲੀ ਸਰਕਾਰ ਵਲੋਂ ਦਿਖਾਈ ਵਿਰੋਧਤਾ ਨੂੰ 'ਸਮਝ ਤੋਂ ਬਾਹਰ' ਕਰਾਰ ਦਿਤਾ ਸੀ।
ਸਿੱਧੂ ਨੇ ਕਿਹਾ ਕਿ ਦਿੱਲੀ ਸਰਕਾਰ ਦੀ ਪੂਰੀ ਜਾਂਚ ਰਣਨੀਤੀ ਅਦਾਲਤ ਵਿੱਚ ਸਵਾਲਾਂ ਦੇ ਘੇਰੇ ਅਧੀਨ ਹੈ ਅਤੇ ਅਜਿਹੇ ਮੌਕੇ ਚੀਮਾ ਦਾ ਪੰਜਾਬ ਨੂੰ ਦਿੱਲੀ ਵਾਲੀ ਰਣਨੀਤੀ ਅਪਣਾਉਣ 'ਤੇ ਜ਼ੋਰ ਦੇਣਾ ਨਾ ਸਿਰਫ਼ ਹਾਸੋ-ਹੀਣਾ, ਸਗੋਂ ਇਕ ਸਪੱਸ਼ਟ ਸੰਕੇਤ ਹੈ ਕਿ 'ਆਪ' ਨੂੰ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਵਿਚ ਕੋਈ ਦਿਲਚਸਪੀ ਨਹੀਂ ਹੈ।
ਸਿੱਧੂ ਨੇ ਕਿਹਾ ਕਿ ਦਿੱਲੀ ਵਿੱਚ ਕੇਂਦਰ ਨੂੰ ਮੈਡੀਕਲ ਸਹੂਲਤਾਂ ਦੇ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ ਲਈ ਦਖ਼ਲ ਦੇਣਾ ਪਿਆ ਪਰ ਇਸ ਦੇ ਬਿਲਕੁਲ ਉਲਟ ਪੰਜਾਬ ਵਲੋਂ ਅਪਣੇ ਹਸਪਤਾਲਾਂ, ਕੋਵਿਡ ਕੇਂਦਰਾਂ ਅਤੇ ਬਿਸਤਰਿਆਂ ਦੀ ਗਿਣਤੀ ਦੇ ਨਾਲ ਨਾਲ ਹੋਰ ਸਹੂਲਤਾਂ/ਉਪਕਰਣਾਂ ਵਿਚ ਨਿਰੰਤਰ ਵਾਧਾ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਦਿੱਲੀ ਤੋਂ ਉਲਟ ਜਿਥੇ ਆਰ.ਟੀ-ਪੀਸੀਆਰ ਟੈਸਟਿੰਗ ਨੂੰ ਘੱਟ ਦਿਖਾ ਕੇ ਅਤੇ ਵੱਡੇ ਪੱਧਰ 'ਤੇ ਅਨਿਸਚਿਤ ਰੈਪਿਡ ਐਂਟੀਜੇਨ ਟੈਸਟਾਂ (ਵੱਡੀ ਗਿਣਤੀ ਵਿਚ ਫ਼ਰਜ਼ੀ ਨੈਗੇਟਿਵ ਕੇਸ)' ਤੇ ਕੇਂਦਰਤ ਕਰ ਕੇ ਕੇਸਾਂ ਦੀ ਗਿਣਤੀ ਵਿਚ ਹੇਰ-ਫੇਰ ਕੀਤਾ ਜਾ ਰਿਹਾ ਹੈ, ਉਥੇ ਹੀ ਕੈਪਟਨ ਅਮਰਿੰਦਰ ਦੀ ਅਗਵਾਈ ਵਿਚ ਪੰਜਾਬ ਸਰਕਾਰ ਨਿਯਮਤ ਰੂਪ ਵਿਚ ਗੋਲਡ ਸਟੈਂਡਰਡ 'ਆਰਟੀ-ਪੀਸੀਆਰ ਟੈਸਟਿੰਗ ਵਿਚ ਵਾਧਾ ਕਰ ਰਹੀ ਹੈ।
ਚੀਮਾ ਨੂੰ ਕੋਈ ਵੀ ਗੱਲ ਕਹਿਣ ਤੋਂ ਪਹਿਲਾਂ ਤੱਥਾਂ ਦੀ ਪੁਸ਼ਟੀ ਕਰਨ ਸਲਾਹ ਦਿੰਦਿਆਂ ਮੰਤਰੀ ਨੇ ਅੱਗੇ ਕਿਹਾ ਕਿ ਕੇਜਰੀਵਾਲ ਸਰਕਾਰ ਦੇ ਪ੍ਰਬੰਧਾਂ ਕਾਰਨ ਦੇਸ਼ ਵਿਚ ਹੋਈਆਂ ਕੁਲ ਮੌਤਾਂ ਵਿਚੋਂ 10 ਫ਼ੀਸਦ ਦਿੱਲੀ ਨਾਲ ਸਬੰਧਤ ਹਨ। ਦੂਜੇ ਪਾਸੇ ਪੰਜਾਬ ਵਿਚ ਹੁਣ ਤਕ ਹੋਈਆਂ ਕੁਲ ਮੌਤਾਂ ਦਾ 1% ਹਿੱਸਾ ਬਣਦਾ ਹੈ ਅਤੇ ਉਨ੍ਹਾਂ ਵਿਚੋਂ ਵੀ ਜ਼ਿਆਦਾਤਰ ਮੌਤਾਂ ਸਹਿ-ਰੋਗ ਨਾਲ ਸਬੰਧਤ ਹਨ। ਸਿੱਧੂ ਨੇ ਕਿਹਾ ਕਿ ਉਹ ਨਹੀਂ ਸੋਚਦੇ ਕਿ ਇਕ ਵੀ ਪੰਜਾਬੀ ਅਪਣੇ ਰਾਜ ਵਿਚ ਇਸ ਤਰ੍ਹਾਂ ਦੇ ਦਿੱਲੀ ਵਰਗਾ ਕੋਈ ਮਾਡਲ ਚਾਹੇਗਾ।
ਹਸਪਤਾਲ ਦੇ ਫ਼ਰਸ਼ 'ਤੇ 12 ਘੰਟਿਆਂ ਤਕ ਪਈਆਂ ਰਹੀਆਂ ਦੋ ਲਾਸ਼ਾਂ ਬਾਰੇ ਮੀਡੀਆ ਰਿਪੋਰਟ ਦੇ ਸਬੰਧ ਵਿਚ ਕੀਤੀ ਚੀਮਾ ਦੀ ਟਿੱਪਣੀ ਬਾਰੇ ਸਿੱਧੂ ਨੇ ਕਿਹਾ ਕਿ ਇਹ ਰਿਪੋਰਟ ਪਹਿਲਾਂ ਹੀ ਝੂਠੀ ਸਾਬਤ ਹੋ ਚੁਕੀ ਹੈ ਅਤੇ ਅਖ਼ਬਾਰ ਨੇ ਵੀ ਬਾਅਦ ਵਿਚ ਇਸ ਸਬੰਧੀ ਸਪਸ਼ਟੀਕਰਨ ਪ੍ਰਕਾਸ਼ਤ ਕਰ ਦਿਤਾ ਹੈ।