
ਦਿੱਲੀ ਪਹੁੰਚੇ ਖੇਤੀ ਮਾਹਰ ਦਵਿੰਦਰ ਸ਼ਰਮਾ ਨੇ ਸਰਕਾਰ ਦੀਆਂ ਨੀਤੀਆਂ 'ਤੇ ਚੁੱਕੇ ਸਵਾਲ
ਕਿਸਾਨ ਅੱਜ ਹਰ ਇਕ ਬਰੀਕੀ ਸਮਝ ਰਿਹਾ ਹੈ ਤੇ ਇਸ ਤੋਂ ਸਰਕਾਰ ਹੈਰਾਨ ਹੈ : ਦਵਿੰਦਰ ਸ਼ਰਮਾ
ਨਵੀਂ ਦਿੱਲੀ, 9 ਅਗੱਸਤ: ਖੇਤੀ ਕਾਨੂੰਨਾਂ ਵਿਰੁੱਧ ਸਿੰਘੂ ਬਾਰਡਰ 'ਤੇ ਜਾਰੀ ਕਿਸਾਨ ਮੋਰਚੇ ਵਿਚ ਖੇਤੀਬਾੜੀ ਮਾਹਿਰ ਦਵਿੰਦਰ ਸ਼ਰਮਾ ਕਿਸਾਨਾਂ ਦਾ ਸਮਰਥਨ ਕਰਨ ਪਹੁੰਚੇ | ਪ੍ਰਦੂਸ਼ਣ ਸਬੰਧੀ ਬਿੱਲ ਬਾਰੇ ਗੱਲ ਕਰਦਿਆਂ ਖੇਤੀਬਾੜੀ ਮਾਹਰ ਨੇ ਕਿਹਾ ਕਿ ਇਸ ਬਿੱਲ ਬਾਰੇ ਹਰ ਕਿਸੇ ਨੂੰ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ | ਇਸ ਬਿੱਲ ਤਹਿਤ ਪਰਾਲੀ ਸਾੜਨ 'ਤੇ ਕਿਸਾਨਾਂ ਨੂੰ ਜ਼ੁਰਮਾਨਾ ਲਾਗਉਣ ਦਾ ਨਿਯਮ ਹੈ | ਉਹਨਾਂ ਕਿਹਾ ਜੇਕਰ ਕਿਸਾਨਾਂ ਨੂੰ ਪਰਾਲੀ ਸਾੜਨ 'ਤੇ ਜ਼ੁਰਮਾਨਾ ਹੋ ਸਕਦਾ ਹੈ ਤਾਂ ਦਿੱਲੀ ਵਿਚ ਗੱਡੀਆਂ ਚਲਾਉਣ ਵਾਲੇ ਲੋਕਾਂ ਨੂੰ ਜ਼ੁਰਮਾਨਾ ਕਿਉਂ ਨਹੀਂ ਲਗਾਇਆ ਜਾਂਦਾ |
ਉਹਨਾਂ ਕਿਹਾ ਸਰਕਾਰ ਦੀ ਹਰੇਕ ਨੀਤੀ ਨਾਲ ਕਿਸਾਨਾਂ ਨੂੰ ਹੀ ਮਾਰ ਪੈਂਦੀ ਹੈ | ਉਹਨਾਂ ਕਿਹਾ ਜਦੋਂ ਸਰਕਾਰ ਬਣੀ ਸੀ ਤਾਂ ਕਿਹਾ ਗਿਆ ਤਾਂ ਸਾਰੇ ਕਿਸਾਨਾਂ ਦੇ ਕਰਜ਼ੇ ਮੁਆਫ ਕੀਤੇ ਜਾਣਗੇ ਪਰ ਜਦੋਂ ਸਰਕਾਰ ਬਣ ਗਈ ਤਾਂ ਸਰਕਾਰ ਨੇ ਕਿਹਾ ਕਿ ਪੈਸਾ ਨਹੀਂ ਹੈ |
ਉਸ ਤੋਂ ਬਾਅਦ ਸਰਕਾਰ ਨੇ ਇਕ ਕਮੇਟੀ ਬਣਾਈ ਜਿਸ ਵਿਚ ਕਿਹਾ ਗਿਆ ਕਿ ਸਿਰਫ 2 ਲੱਖ ਰੁਪਏ ਦਾ ਕਰਜ਼ਾ ਮੁਆਫ ਹੋਵੇਗਾ | ਉਹਨਾਂ ਦੱਸਿਆ ਕਿ ਹੁਣ ਤੱਕ ਪੰਜਾਬ ਵਿਚ ਸਿਰਫ ਸਾਢੇ ਚਾਰ ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਮੁਆਫ ਹੋਇਆ ਹੈ |
ਉਹਨਾਂ ਕਿਹਾ ਸਰਕਾਰਾਂ ਵੱਲੋਂ ਕਿਸਾਨਾਂ ਲਈ ਹੋਰ ਅਤੇ ਬਾਕੀ ਦੇਸ਼ ਲਈ ਹੋਰ ਨੀਤੀਆਂ ਅਪਣਾਈਆਂ ਜਾ ਰਹੀਆਂ ਹਨ | ਉਹਨਾਂ ਦੱਸਿਆ ਕਿ ਪਿਛਲੇ 5 ਸਾਲਾਂ ਵਿਚ ਦੇਸ਼ ਦੇ ਕਿਸਾਨਾਂ ਦਾ ਕਰੀਬ 2 ਲੱਖ ਕਰੋੜ ਰੁਪਏ ਕਰਜ਼ਾ ਮੁਆਫ ਹੋਇਆ ਹੈ ਜਦਕਿ ਸਰਕਾਰ ਨੇ ਪਿਛਲੇ 8 ਸਾਲਾਂ 'ਚ ਕੰਪਨੀਆਂ ਦਾ 10 ਲੱਖ ਕਰੋੜ ਰੁਪਏ ਦਾ ਕਰਜਾ ਮੁਆਫ ਕੀਤਾ | ਉਹਨਾਂ ਕਿਹਾ ਕਿ ਕਿਸਾਨਾਂ ਨਾਲ ਹਰ ਥਾਂ ਦੌਗਲੀ ਨੀਤੀ ਵਰਤੀ ਜਾ ਰਹੀ ਹੈ | ਦਵਿੰਦਰ ਸ਼ਰਮਾ ਨੇ ਕਿਹਾ ਕਿ ਇਹ ਸਰਕਾਰ ਦੀ ਨੀਤੀ ਹੈ ਕਿ ਦੇਸ਼ ਦੇ ਕਿਸਾਨ ਨੂੰ ਗਰੀਬ ਹੀ ਰੱਖਿਆ ਜਾਵੇਗਾ ਕਿਉਂਕਿ ਦੇਸ਼ ਦੀ ਤਰੱਕੀ ਤਾਂ ਹੀ ਹੋਵੇਗੀ ਜੇਕਰ ਕਿਸਾਨ ਗਰੀਬ ਰਹੇਗਾ |
ਖੇਤੀਬਾੜੀ ਮਾਹਰ ਨੇ ਕਿਹਾ ਕਿ ਦੇਸ਼ ਵਿਚ ਸ਼ੁਰੂ ਹੋਈ ਕਿਸਾਨਾਂ ਦੀ ਲਹਿਰ ਨੇ ਦੇਸ਼ ਦੇ ਢਾਂਚੇ ਉੱਤੇ ਵੱਡਾ ਸਵਾਲ ਚੁੱਕਿਆ ਹੈ | ਕਿਸਾਨਾਂ ਨੇ ਸਰਕਾਰ ਨੂੰ ਦੱਸ ਦਿੱਤਾ ਹੈ ਕਿ ਹੁਣ ਉਹ ਜ਼ਮਾਨਾ ਨਹੀਂ ਰਿਹਾ ਕਿ ਕਿਸਾਨ ਕੁਝ ਸਮਝ ਨਹੀਂ ਰਿਹਾ | ਕਿਸਾਨ ਅੱਜ ਹਰੇਕ ਬਰੀਕੀ ਨੂੰ ਸਮਝ ਰਿਹਾ ਹੈ ਤੇ ਇਸ ਤੋਂ ਸਰਕਾਰ ਹੈਰਾਨ ਹੈ | ਐਮਐਸਪੀ ਬਾਰੇ ਗੱਲ ਕਰਦਿਆਂ ਖੇਤੀਬਾੜੀ ਮਾਹਰ ਨੇ ਕਿਹਾ ਕਿ ਜੇਕਰ ਸਰਕਾਰ ਕਿਸਾਨਾਂ ਨੂੰ ਹਰੇਕ ਫਸਲ ਉੱਤੇ ਐਮਐਸਪੀ ਦਿੰਦੀ ਹੈ ਤਾਂ ਕੁੱਲ ਖਰਚਾ ਕਰੀਬ ਡੇਢ ਲੱਖ ਕਰੋੜ ਰੁਪਏ ਤੱਕ ਹੋਵੇਗਾ |