
ਕਿਸੇ ਵੱਡੀ ਅਣਹੋਣੀ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਬਰਾਮਦ ਕੀਤਾ ਖ਼ਤਰਨਾਕ ਟਿਫਨ ਬੰਬ
ਧਮਾਕੇ ਲਈ ਪੂਰੇ ਤਕਨੀਕੀ ਸਿਸਟਮ ਨਾਲ ਲੈਸ ਬੰਬ ਨਾਲ ਭੀੜ ਭੜੱਕੇ ਵਾਲੇ ਖੇਤਰ ਵਿਚ ਹੋ ਸਕਦਾ ਸੀ ਵੱਡਾ ਨੁਕਸਾਨ
ਚੰਡੀਗੜ੍ਹ, 9 ਅਗੱਸਤ (ਗੁਰਉਪਦੇਸ਼ ਭੁੱਲਰ): ਪੰਜਾਬ ਪੁਲਿਸ ਨੇ ਸੂਬੇ ਵਿਚ ਸਰਹੱਦੋਂ ਪਾਰ ਤੋਂ ਸਾਜ਼ਸ਼ ਤਹਿਤ ਕਿਸੇ ਵੱਡੀ ਅਣਹੋਣੀ ਤੋਂ ਪਹਿਲਾਂ ਅੰਮਿ੍ਤਸਰ ਜ਼ਿਲ੍ਹੇ ਵਿਚ ਪਾਕਿਸਤਾਨੀ ਸਰਹੱਦੀ ਨੇੜਿਉਂ ਭਾਰੀ ਵਿਸਫੋਟਕ ਨਾਲ ਭਰਿਆ ਟਿਫਨ ਬੰਬ ਬਰਾਮਦ ਕੀਤਾ ਹੈ | ਇਸ ਨਾਲ 5 ਹੈਾਡ ਗਰਨੇਡ ਅਤੇ 100 ਕਾਰਤੂਸ ਵੀ ਮਿਲੇ ਹਨ |
ਇਹ ਜਾਣਕਾਰੀ ਅੱਜ ਇਥੇ ਪੰਜਾਬ ਪੁਲਿਸ ਮੁਖੀ ਡੀ.ਜੀ.ਪੀ. ਦਿਨਕਰ ਗੁਪਤਾ ਨੇ ਪੁਲਿਸ ਹੈੱਡ ਕੁਆਰਟਰ ਵਿਚ ਸੱਦੀ ਪ੍ਰੈਸ ਕਾਨਫ਼ਰੰਸ ਵਿਚ ਦਿਤੀ | ਉਨ੍ਹਾਂ ਦਸਿਆ ਕਿ 15 ਅਗੱਸਤ ਦੇ ਮੱਦੇਨਜ਼ਰ ਪੁਲਿਸ ਚੌਕਸ ਸੀ ਅਤੇ ਸੂਚਨਾ ਮਿਲਣ ਬਾਅਦ ਤੁਰਤ ਹੀ ਕਾਰਵਾਈ ਕਰਦਿਆਂ ਟਿਫਨ ਬੰਬ ਤੇ ਗਰੇਨਡ ਵਾਲਾ ਥੈਲਾ ਬਰਾਮਦ ਕਰ ਲਿਆ ਗਿਆ | ਇਸ ਤੋਂ ਬਾਅਦ ਪੂਰੇ ਸੂਬੇ ਵਿਚ ਹਾਈ ਅਲਰਟ ਕਰ ਦਿਤਾ ਗਿਆ ਹੈ | ਇਹ ਟਿਫਨ ਬੰਬ ਪਿੰਡ ਡਾਲੇਕੇ ਨੇੜਿਉਂ ਮਿਲਿਆ ਹੈ ਜੋ ਡਰੋਨ ਰਾਹੀਂ ਪਾਕਿਸਤਾਨ ਵਾਲੇ ਪਾਸਿਉਂ ਆਇਆ | ਉਨ੍ਹਾਂ ਦਸਿਆ ਕਿ ਬੱਚੀਵਿੰਡ ਪਿੰਡ ਨੇੜੇ ਖੇਤਾਂ ਵਿਚ ਕੰਮ ਕਰਦੇ ਕਿਸਾਨਾਂ ਨੇ ਡਰੋਨ ਦੀ ਆਵਾਜ਼ ਵੀ ਸੁਣੀ ਸੀ ਅਤੇ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ ਪਰ ਡਰੋਨ ਬੰਬ ਤੇ ਵਿਸਫ਼ੋਟਕ ਪਦਾਰਥ ਇਧਰ ਸੁੱਟ ਕੇ ਵਾਪਸ ਚਲੀ ਗਈ | ਉਨ੍ਹਾਂ ਕਿਹਾ ਕਿ ਪਾਕਿਸਤਾਨ ਲਗਾਤਾਰ ਸਰਹੱਦੀ ਖੇਤਰ ਰਾਹੀਂ ਇਧਰ ਗੜਬੜ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਪਿਛਲੇ ਕੁੱਝ ਮਹੀਨਿਆਂ ਤੋਂ ਡਰੋਨ ਸਰਗਰਮੀਆਂ ਵਧੀਆਂ ਹਨ |
ਪੁਲਿਸ ਨੇ ਪਹਿਲਾਂ ਵੀ ਵੱਡੀ ਮਾਤਰਾ ਵਿਚ ਹਥਿਆਰ ਫੜੇ ਹਨ | ਉਨ੍ਹਾਂ ਕਿਹਾ ਕਿ ਬਰਾਮਦ ਹੋਏ ਟਿਫਨ ਬੰਬ ਨਾਲ ਵੱਡੀ ਵਾਰਦਾਤ ਨੂੰ ਅੰਜਾਮ ਦਿਤਾ ਜਾ ਸਕਦਾ ਸੀ | ਭੀੜ ਭਾੜ ਵਾਲੇ ਖੇਤਰ ਵਿਚ ਵੱਡਾ ਨੁਕਸਾਨ ਹੋ ਸਕਦਾ ਸੀ | ਇਸ ਟਿਫਨ ਬੰਬ ਨਾਲ ਸਪਰਿੰਗ ਡੈਟੋਨੇਟਰ ਵੀ ਮਿਲੇ ਹਨ ਅਤੇ ਇਸ ਨੂੰ ਧਮਾਕਾ ਕਰਨ ਲਈ ਪੂਰੇ ਸਿਸਟਮ ਰਾਹੀਂ ਜੋੜਿਆ ਗਿਆ ਸੀ | ਇਸ ਪਿਛੇ ਪੂਰੀ ਸਾਜ਼ਸ਼ ਜਾਂ ਨਿਸ਼ਾਨੇ ਬਾਰੇ ਹਾਲੇ ਜਾਂਚ ਤੋਂ ਬਾਅਦ ਹੀ ਕੁੱਝ ਕਿਹਾ ਜਾ ਸਕਦਾ ਹੈ | ਉਨ੍ਹਾਂ ਦਸਿਆ ਕਿ ਟਿਫਨ ਵਿਚੋਂ 2 ਕਿਲੋ ਤੋਂ ਵੱਧ ਆਰ.ਡੀ.ਐਕਸ ਬਰਾਮਦ ਹੋਇਆ ਹੈ |
ਫ਼ੋਟੋ : ਸੰਤੋਖ ਸਿੰਘ ਵਲੋਂ