ਬਸਪਾ ਦੇ ਸਾਬਕਾ ਵਿਧਾਇਕ ਸਮੇਤ ਅਕਾਲੀ ਦਲ ਦੇ ਵੱਡੇ ਆਗੂ ਹੋਏ ਸ਼ਾਮਲ
ਲੁਧਿਆਣਾ, 9 ਅੱਗਸਤ (ਪ੍ਰਮੋਦ ਕੌਸ਼ਲ): ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਦਾਅਵੇ ਮੁਤਾਬਕ ਕੇਂਦਰ ਦੀ ਮੋਦੀ ਸਰਕਾਰ ਵਲੋਂ ਦਿਤੇ ਗਏ 'ਸਬਕਾ-ਸਾਥ-ਸਬਕਾ ਵਿਕਾਸ' ਦੇ ਨਾਹਰੇ ਨੂੰ ਦੇਖ ਕੇ ਜ਼ਮੀਨੀ ਪੱਧਰ 'ਤੇ ਅਰਥਪੂਰਨ ਹੁੰਦੇ ਦੇਖ ਕਈ ਰਾਜਨੀਤਕ ਪਾਰਟੀਆਂ ਦੇ ਬਹੁਤ ਸਾਰੇ ਦਿੱਗਜ ਨੇਤਾ ਅਪਣੀਆਂ ਪਾਰਟੀਆਂ ਛੱਡ ਭਾਜਪਾ ਵਿਚ ਸ਼ਾਮਲ ਹੋ ਰਹੇ ਹਨ | ਇਸ ਕੜੀ ਵਿਚ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ ਹੇਠ ਭਾਜਪਾ ਮੁੱਖ ਦਫ਼ਤਰ ਵਿਖੇ ਆਯੋਜਤ ਪ੍ਰੋਗਰਾਮ ਦੌਰਾਨ, ਮਾਲਵੇ ਵਿਚ ਬਸਪਾ, ਅਕਾਲੀ ਦਲ ਅਤੇ ਕਾਂਗਰਸ ਨੂੰ ਝਟਕਾ ਦਿੰਦੇ ਹੋਏ ਕਈ ਵੱਡੇ ਆਗੂ ਅਪਣੀਆਂ ਪਾਰਟੀਆਂ ਛੱਡ ਅਪਣੇ ਸਮਰਥਕਾਂ ਸਮੇਤ ਭਾਜਪਾ ਵਿਚ ਸ਼ਾਮਲ ਹੋ ਗਏ | ਅਸ਼ਵਨੀ ਸ਼ਰਮਾ ਨੇ ਉਨ੍ਹਾਂ ਸਾਰਿਆਂ ਨੂੰ ਸਿਰੋਪਾਉ ਦੇ ਕੇ ਭਾਜਪਾ ਪ੍ਰਵਾਰ ਵਿਚ ਸ਼ਾਮਲ ਕੀਤਾ ਅਤੇ ਸਵਾਗਤ ਕੀਤਾ | ਇਸ ਮੌਕੇ ਸੰਗਠਨ ਦੇ ਜਨਰਲ ਸਕੱਤਰ ਦਿਨੇਸ਼ ਕੁਮਾਰ, ਸੂਬਾ ਭਾਜਪਾ ਦੇ ਜਨਰਲ ਸਕੱਤਰ ਜੀਵਨ ਗੁਪਤਾ, ਡਾ: ਸੁਭਾਸ਼ ਸ਼ਰਮਾ, ਰਾਜੇਸ ਬਾਗਾ, ਦਿਆਲ ਸਿੰਘ ਸੋਢੀ ਵੀ ਹਾਜ਼ਰ ਸਨ |
ਜੀਵਨ ਗੁਪਤਾ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦਸਿਆ ਕਿ ਭਾਜਪਾ ਪ੍ਰਵਾਰ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਬਹੁਜਨ ਸਮਾਜ ਪਾਰਟੀ ਦੇ ਸਾਬਕਾ ਵਿਧਾਇਕ ਬਲਦੇਵ ਸਿੰਘ ਭੱਟੀ (ਧਰਮਕੋਟ), ਸਾਬਕਾ ਚੇਅਰਮੈਨ ਵਿਮੁਕਤ ਜਾਤੀ ਭਲਾਈ ਬੋਰਡ, ਪੰਜਾਬ ਸਰਕਾਰ ਅਕਾਲੀ ਦਲ ਦੇ ਮਨਜੀਤ ਬੁੱਟਰ, ਫ਼ਰੀਦਕੋਟ ਦੇ ਰਾਮੋਆਣਾ ਪਿੰਡ ਤੋਂ ਕਾਂਗਰਸ ਦੇ ਸਾਬਕਾ ਸਰਪੰਚ ਜਸਵਿੰਦਰ ਸਿੰਘ, ਫ਼ਾਜ਼ਿਲਕਾ ਦੇ ਪਿੰਡ ਸੀਤੋ ਗੰਨੂੰ ਤੋਂ ਕਾਂਗਰਸ ਦੇ ਸਾਬਕਾ ਸਰਪੰਚ ਰਵਿੰਦਰ ਸਿੰਘ, ਮੁਕਤਸਰ ਦੇ ਪਿੰਡ ਰੁਪਾਣਾ ਤੋਂ ਉਘੇ ਸਮਾਜ ਸੇਵਕ ਅਤੇ ਵਿਮੁਕਤ ਜਾਤੀ ਸੰਘ ਪੰਜਾਬ ਦੇ ਉਪ ਪ੍ਰਧਾਨ ਸੁਖਮੰਦਰ ਸਿੰਘ, ਫ਼ਰੀਦਕੋਟ ਦੇ ਪਿੰਡ ਦੇਵੀਆਲਾ ਦੇ ਸੀਨੀਅਰ ਅਕਾਲੀ ਆਗੂ ਜਸਵਿੰਦਰ ਸਿੰਘ, ਮੋਗਾ ਦੇ ਪਿੰਡ ਮਾੜੀ ਦੇ ਅਕਾਲੀ ਦਲ ਦੇ ਵਿਮੁਕਤ ਜਾਤੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਚੌਹਾਨ, ਮੋਗਾ ਦੇ ਅਰੋੜਾ ਵੰਸ ਸਭਾ ਦੇ ਜਨਰਲ ਸਕੱਤਰ ਸੰਜੀਵ ਗਰੋਵਰ ਅਤੇ ਜਗਰਾਉਂ ਹਲਕਾ ਸਿਵੀਆਂ ਦੇ ਡਾ. ਰਾਜ ਪਾਲ ਹਨ |
ਅਸ਼ਵਨੀ ਸ਼ਰਮਾ ਅਤੇ ਹਾਜ਼ਰ ਸਾਰੇ ਜਨਰਲ ਸਕੱਤਰਾਂ ਨੇ ਨਵੇਂ ਸ਼ਾਮਲ ਹੋਏ ਕਾਰਜਕਰਤਾਵਾਂ ਨੂੰ ਜੀ ਆਈਆਂ ਕਹਿੰਦਿਆਂ ਕਿਹਾ ਕਿ ਇਹ ਸਾਰੇ ਲੋਕ ਭਾਜਪਾ ਦੀਆਂ ਕਿਸਾਨੀ ਪੱਖੀ ਅਤੇ ਲੋਕ-ਪੱਖੀ ਨੀਤੀਆਂ ਤੋਂ ਪ੍ਰਭਾਵਤ ਹੋ ਕੇ ਭਾਜਪਾ ਪ੍ਰਵਾਰ ਵਿਚ ਸ਼ਾਮਲ ਹੋਏ ਹਨ | ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੀਆਂ ਨੂੰ ਪਾਰਟੀ ਵਿਚ ਬਣਦਾ ਪੂਰਾ ਮਾਨ-ਸਨਮਾਨ ਅਤੇ ਸਤਿਕਾਰ ਦਿਤਾ ਜਾਵੇਗਾ | ਇਹ ਸੱਭ ਕੇਂਦਰ ਸਰਕਾਰ ਦੀਆਂ ਨੀਤੀਆਂ ਅਤੇ ਪਾਰਟੀ ਦੀ ਵਿਚਾਰਧਾਰਾ ਤੋਂ ਅਪਣੇ-ਅਪਣੇ ਖੇਤਰ ਦੇ ਲੋਕਾਂ ਨੂੰ ਜਾਗਰੂਕ ਕਰ ਕੇ ਸੰਗਠਨ ਨੂੰ ਹੋਰ ਮਜ਼ਬੂਤ ਕਰਨਗੇ |
Ldh_Parmod_9_1: Photo