
ਆਖ਼ਰੀ ਦਿਨ ਕੁੜੀਆਂ ਨੇ ਚਲਾਈ ਕਿਸਾਨ ਸੰਸਦ
ਮੋਦੀ ਸਰਕਾਰ ਵਿਰੁਧ ਬੇਭਰੋਸਗੀ ਦਾ ਮਤਾ ਕੀਤਾ ਪਾਸ
ਨਵੀਂ ਦਿੱਲੀ, 9 ਅਗੱਸਤ (ਅਮਨ/ਹਰਜੀਤ ਕੌਰ): ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਜੰਤਰ-ਮੰਤਰ 'ਤੇ ਕਿਸਾਨਾਂ ਦੀ 'ਕਿਸਾਨ ਸੰਸਦ' ਕੇਂਦਰ ਸਰਕਾਰ ਵਿਰੁਧ ਇਕ 'ਬੇਭਰੋਸਗੀ ਮਤਾ' ਪਾਸ ਕਰਨ ਤੋਂ ਬਾਅਦ ਅੱਜ ਖ਼ਤਮ ਹੋ ਗਈ | ਅੱਜ ਨਿਰੋਲ ਕੁੜੀਆਂ ਦੀ ਸੰਸਦ ਸੀ, ਜੋ ਮੋਰਚੇ ਦਾ ਅਹਿਮ ਕਦਮ ਸੀ | ਕਿਸਾਨਾਂ ਵਲੋਂ ਅਪਣਾ ਵਿਰੋਧ ਪ੍ਰਦਰਸ਼ਨ ਵਧਾਉਣ ਲਈ ਪੁਲਿਸ ਤੋਂ ਕੋਈ ਆਗਿਆ ਨਹੀਂ ਮੰਗੀ | ਇਹ ਜਾਣਕਾਰੀ ਭਾਰਤੀ ਕਿਸਾਨ ਯੂਨੀਅਨ ਦੇ ਇਕ ਅਧਿਕਾਰੀ ਨੇ ਦਿਤੀ | ਉਨ੍ਹਾਂ ਨੇ ਕਿਹਾ ਕਿ ਕੇਂਦਰ ਦੇ 3 ਨਵੇਂ ਖੇਤੀ ਕਾਨੂੰਨਾਂ ਵਿਰੁਧ 8 ਮਹੀਨੇ ਪਹਿਲਾਂ ਸ਼ੁਰੂ ਹੋਇਆ ਕਿਸਾਨ ਅੰਦੋਲਨ ਹਾਲਾਂਕਿ ਦਿੱਲੀ ਦੀਆਂ ਸਰਹੱਦਾਂ 'ਤੇ ਜਾਰੀ ਰਹੇਗਾ |
ਕਿਸਾਨ ਜਥੇਬੰਦੀ ਸੰਯੁਕਤ ਕਿਸਾਨ ਮੋਰਚਾ ਵਲੋਂ ਜੰਤਰ-ਮੰਤਰ 'ਤੇ 'ਕਿਸਾਨ ਸੰਸਦ' 'ਚ ਤਿੰਨੋਂ ਵਿਵਾਦਪੂਰਨ ਖੇਤੀ ਕਾਨੂੰਨਾਂ ਨੂੰ ਰੱਦ ਨਾ ਕਰਨ ਨੂੰ ਲੈ ਕੇ ਕੇਂਦਰ ਸਰਕਾਰ ਦੇ ਅਸਤੀਫ਼ੇ ਦੀ ਮੰਗ ਕੀਤੀ ਗਈ | ਕਿਸਾਨ ਜਥੇਬੰਦੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਅਸਤੀਫ਼ੇ ਦੀ ਮੰਗ ਕਰਦੇ ਹੋਏ ਅਪਣੀ 'ਕਿਸਾਨ ਸੰਸਦ' ਵਿਚ ਸਰਕਾਰ ਵਿਰੁਧ ਇਕ 'ਬੇਭਰੋਸਗੀ ਮਤਾ' ਪਾਸ ਕੀਤਾ | ਇਸ ਮਤੇ ਅਨੁਸਾਰ ਸਰਕਾਰ 'ਤੇ ਕਿਸਾਨਾਂ ਸਮੇਤ ਹੋਰ ਲੋਕਾਂ ਦਾ ਹੁਣ ਵਿਸ਼ਵਾਸ ਨਹੀਂ ਰਹਿ ਗਿਆ | ਇਸ ਨੂੰ ਸੱਤਾ 'ਚ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ |
ਜ਼ਿਕਰਯੋਗ ਹੈ ਕਿ ਦਿੱਲੀ ਪੁਲਿਸ ਨੇ ਕਿਸਾਨਾਂ ਨੂੰ 22 ਜੁਲਾਈ ਤੋਂ 9 ਅਗੱਸਤ ਤਕ ਵੱਧ ਤੋਂ ਵੱਧ 200 ਲੋਕਾਂ ਨਾਲ ਪ੍ਰਦਰਸ਼ਨ ਕਰਨ ਦੀ ਆਗਿਆ ਦਿਤੀ ਸੀ |
ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਜੰਤਰ-ਮੰਤਰ 'ਤੇ ਅੱਜ ਕਿਸਾਨਾਂ ਦਾ ਆਖ਼ਰੀ ਦਿਨ ਸੀ | ਉਨ੍ਹਾਂ ਨੇ ਕਿਸਾਨਾਂ ਨੂੰ ਸ਼ਾਂਤੀਪੂਰਨ ਢੰਗ ਨਾਲ ਪ੍ਰਦਰਸ਼ਨ ਕੀਤਾ ਅਤੇ ਉਹ ਅੱਜ ਸ਼ਾਮ ਪ੍ਰਦਰਸ਼ਨ ਮਗਰੋਂ ਜੰਤਰ-ਮੰਤਰ ਤੋਂ ਚਲੇ ਗਏ | ਜ਼ਿਕਰਯੋਗ ਹੈ ਕਿ ਦਿੱਲੀ ਦੀਆਂ ਸਰਹੱਦਾਂ 'ਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਸੈਂਕੜੇ ਕਿਸਾਨ ਪਿਛਲੇ ਸਾਲ ਨਵੰਬਰ ਤੋਂ ਇਥੇ ਡਟੇ ਹੋਏ ਹਨ | ਸਰਕਾਰ, ਕਿਸਾਨ ਆਗੂਆਂ ਨਾਲ 11 ਗੇੜ ਦੀ ਗੱਲਬਾਤ ਕਰ ਚੁਕੀ ਹੈ ਪਰ ਹੁਣ ਤਕ ਕੋਈ ਹੱਲ ਨਹੀਂ ਨਿਕਲਿਆ ਹੈ | (ਪੀਟੀਆਈ)