
1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਪੀੜਤਾਂ ਨੇ ਲਾਲ ਕਾਰਡ ਰੱਦ ਹੋਣ ਵਿਰੁਧ ਰੋਸ ਪ੍ਰਗਟਾਇਆ
ਕਾਰਡ ਛੇਤੀ ਬਹਾਲ ਨਾ ਹੋਣ 'ਤੇ ਪੀੜਤ ਪ੍ਰਵਾਰਾਂ ਵਲੋਂ ਸਰਕਾਰ ਨੂੰ ਆਤਮ ਦਾਹ ਦੀ ਚੇਤਾਵਨੀ
ਚੰਡੀਗੜ੍ਹ, 9 ਅਗੱਸਤ (ਗੁਰਉਪਦੇਸ਼ ਭੁੱਲਰ): 1984 ਦੇ ਸਿੱਖ ਕਤਲੇਆਮ ਨਾਲ ਪੀੜਤਾਂ ਵੈਲਫ਼ੇਅਰ ਸੁਸਾਇਟੀ ਨੇ ਅੱਜ ਮੁੜ ਕੁੱਝ ਮੰਗਾਂ ਉਠਾਈਆਂ ਹਨ | ਵਿਸ਼ੇਸ਼ ਤੌਰ 'ਤੇ ਕਤਲੇਆਮ ਪੀੜਤਾਂ ਨੂੰ ਮਿਲੇ ਲਾਲ ਕਾਰਡ ਰੱਦ ਕੀਤੇ ਜਾਣ ਵਿਰੁਧ ਸਖ਼ਤ ਰੋਸ ਪ੍ਰਗਟ ਕਰਦਿਆਂ ਇਨ੍ਹਾਂ ਦੀ ਪੰਜਾਬ ਸਰਕਾਰ ਤੋਂ ਤੁਰਤ ਬਹਾਲੀ ਦੀ ਮੰਗ ਕੀਤੀ ਹੈ |
ਅੱਜ ਇਥੇ ਕਲਗੀਧਰ ਨਿਵਾਸ ਵਿਖੇ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਪੀੜਤਾਂ ਦੀ ਸੁਸਾਇਟੀ ਵਲੋਂ ਪੰਜਾਬ ਸਰਕਾਰ ਨੂੰ ਅਲਟੀਮੇਟਮ ਦਿੰਦਿਆਂ ਕਿਹਾ ਕਿ ਲਾਲ ਕਾਰਡ ਬਹਾਲ ਨਾ ਹੋਏ ਤਾਂ ਪੀੜਤ ਆਤਮਦਾਹ ਲਈ ਮਜਬੂਰ ਹੋਣਗੇ | ਸੁਸਾਇਟੀ ਦੇ ਪ੍ਰਧਾਨ ਸੁਰਜੀਤ ਸਿੰਘ ਨੇ ਦਸਿਆ ਕਿ 135 ਤੋਂ ਵੱਧ ਕਤਲੇਆਮ ਪੀੜਤ ਪ੍ਰਵਾਰਾਂ ਨੂੰ ਜਾਰੀ ਲਾਲ ਕਾਰਡ ਸਰਕਾਰ ਵਲੋਂ ਰੱਦ ਕੀਤੇ ਗਏ ਹਨ | ਉਨ੍ਹਾਂ ਦੋਸ਼ ਲਾਇਆ ਕਿ ਸਾਰੇ ਦਸਤਾਵੇਜ਼ ਪੂਰੇ ਹੋਣ ਦੇ ਬਾਵਜੂਦ ਅਫ਼ਸਰਸ਼ਾਹੀ ਵਲੋਂ ਇਹ ਕਾਰਡ ਰੱਦ ਕੀਤੇ ਗਏ ਹਨ, ਜਿਸ ਕਾਰਨ ਪੀੜਤ ਸਰਕਾਰੀ ਸਹੂਲਤਾਂ ਪ੍ਰਾਪਤ ਕਰਨ ਤੋਂ ਵਾਂਝੇ ਹੋ ਰਹੇ ਹਨ | ਉਨ੍ਹਾਂ ਪੀੜਤਾਂ ਦੇ ਮੁੜ ਵਸੇਬੇ ਲਈ ਮਕਾਨਾਂ ਤੇ ਵਿੱਤੀ ਗ੍ਰਾਂਟ ਦੀਆਂ ਮੰਗਾਂ ਬਾਰੇ ਵੀ ਮੰਗ ਚੁੱਕੀ ਹੈ | ਪ੍ਰੈਸ ਕਾਨਫ਼ਰੰਸ ਵਿਚ ਗੁਰਦੀਪ ਕੌਰ, ਦਲਜੀਤ ਸਿੰਘ, ਅਮਰਜੀਤ ਕੌਰ, ਹਰਬੰਸ ਕੌਰ ਆਦਿ ਪ੍ਰਤੀਨਿਧ ਵੀ ਮੌਜੂਦ ਸਨ |
ਫ਼ੋਟੋ: ਸੰਤੋਖ ਸਿੰਘ ਵਲੋਂ