ਮਹਿਲਾ ਨਾਲ ਜਬਰ-ਜਨਾਹ ਦੇ ਦੋਸ਼ ਵਿਚ ‘ਮਿਰਚੀ ਬਾਬਾ’ ਗ੍ਰਿਫ਼ਤਾਰ
ਭੋਪਾਲ, 9 ਅਗੱਸਤ : ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿਚ ਇਕ ਮਹਿਲਾ ਨਾਲ ਕਥਿਤ ਤੌਰ ’ਤੇ ਜਬਰ ਜਨਾਹ ਕਰਨ ਦੇ ਮਾਮਲੇ ’ਚ ਬਾਬਾ ਸਵਾਮੀ ਬੈਰਾਗਿਆਨੰਦ ਗਿਰੀ ਨੂੰ ਮੰਗਲਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਭੋਪਾਲ ਦੀ ਵਧੀਕ ਪੁਲਿਸ ਕਮਿਸ਼ਨ ਰਿਚਾ ਚੌਬੇ ਨੇ ਦਸਿਆ ਕਿ ‘‘ਵੈਰਾਗਿਆਨੰਦ ਗਿਰੀ ਉਰਫ਼ ਮਿਰਚੀ ਬਾਬਾ ਨੂੰ ਬਲਾਤਕਾਰ ਦੇ ਦੋਸ਼ ’ਚ ਅੱਜ ਗਵਾਲੀਅਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਥੇ ਤੋਂ ਭੋਪਾਲ ਲਿਆਇਆ ਗਿਆ।’’ ਉਨ੍ਹਾਂ ਕਿਹਾ ਕਿ ਮਿਰਚੀ ਬਾਬਾ ਨੇ ਇਸ ਸਾਲ 17 ਜੁਲਾਈ ਨੂੰ ਮੱਧ ਪ੍ਰਦੇਸ਼ ਦੇ ਰਾਏਸੇਨ ਦੀ ਇਕ ਮਹਿਲਾ ਨਾਲ ਕਥਿਤ ਤੌਰ ’ਤੇ ਭੋਪਾਲ ਵਿਚ ਬਲਾਤਕਾਰ ਕੀਤਾ ਸੀ, ਜਿਸ ਦੀ ਸ਼ਿਕਾਇਤ ਇਸ ਪੀੜਤਾ ਨੇ ਅੱਠ ਅਗੱਸਤ ਨੂੰ ਭੋਪਾਲ ’ਚ ਮਹਿਲਾ ਥਾਣੇ ਵਿਚ ਦਿਤੀ ਸੀ। ਉਨ੍ਹਾਂ ਕਿਹਾ ਕਿ ਉਸ ਦੀ ਸ਼ਿਕਾਇਤ ’ਤੇ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ। ਚੌਬੇ ਨੇ ਦਸਿਆ ਕਿ ਇਸ ਮਹਿਲਾ ਦੇ ਵਿਆਹ ਤੋਂ ਬਾਅਦ ਬੱਚਾ ਨਹੀਂ ਹੋ ਰਿਹਾ ਸੀ, ਇਸ ਲਈ
ਉਹ ਇਸ ਮਿਰਚੀ ਬਾਬਾ ਦੇ ਸੰਪਰਕ ਵਿਚ ਆਈ ਸੀ। ਮਹਿਲਾ ਦਾ ਦੋਸ਼ ਹੈ ਕਿ ਬਾਬਾ ਨੇ ਉਸ ਨੂੰ ਪੂਜਾ ਪਾਠ ਨਾਲ ਬੱਚਾ ਹੋਣ ਦਾ ਝਾਂਸਾ ਦਿਤਾ ਅਤੇ ਪ੍ਰਸਾਦ ਦੇ ਤੌਰ ’ਤੇ ਉਸ ਨੂੰ ਸੁਆਹ ਖਾਣ ਨੂੰ ਦਿਤੀ। ਪੁਲਿਸ ਅਧਿਕਾਰੀ ਮੁਤਾਬਕ ਮਹਿਲਾ ਦਾ ਦੋਸ਼ ਹੈ ਕਿ ਉਹ ਇਸ ਸੁਆਹ ਨੂੰ ਖਾ ਕੇ ਬੇਹੋਸ਼ ਹੋ ਗਈ ਅਤੇ ਉਸ ਦੇ ਬਾਅਦ ਬਾਬਾ ਨੇ ਉਸ ਨਾਲ ਬਲਾਤਕਾਰ ਕੀਤਾ। (ਏਜੰਸੀ)