
ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਬਾਦਲ ਪਰਵਾਰ ਨੂੰ ਪਿੰਡਾਂ ਵਿਚ ਨਾ ਵੜਨ ਦੇਣ ਦੇ ਬਿਆਨ ਤੋਂ ਬਾਅਦ ਅੱਜ ਅਕਾਲੀ ਦਲ ਨੇ ਸੁਨੀਲ ਜਾਖੜ ਦੇ
ਅਬੋਹਰ, : ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਬਾਦਲ ਪਰਵਾਰ ਨੂੰ ਪਿੰਡਾਂ ਵਿਚ ਨਾ ਵੜਨ ਦੇਣ ਦੇ ਬਿਆਨ ਤੋਂ ਬਾਅਦ ਅੱਜ ਅਕਾਲੀ ਦਲ ਨੇ ਸੁਨੀਲ ਜਾਖੜ ਦੇ ਜੱਦੀ ਹਲਕੇ ਅਬੋਹਰ ਵਿਖੇ ਵਿਸ਼ਾਲ ਪੋਲ ਖੋਲ ਰੈਲੀ ਕੀਤੀ। ਇਸ ਵਿਚ ਬੋਲਦਿਆਂ ਸ: ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਸ਼ਾਨ ਲਈ ਅਣਗਿਣਤ ਸੁਖਬੀਰ ਕੁਰਬਾਨ ਕਰ ਸਕਦਾ ਹਾਂ। ਉਨ੍ਹਾਂ ਕਿਹਾ ਕਿ ਕੈਪਟਨ ਸਾਨੂੰ ਖ਼ਾਮਖ਼ਾਹ ਬਦਨਾਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ, ਜੇ ਸਾਡੇ ਵਿਰੁਧ ਦੋਸ਼ ਸੱਚੇ ਹੋਣ ਤਾਂ ਕੈਪਟਨ ਸਾਡੇ ਵਿਰੁਧ ਮੁੱਕਦਮਾ ਸ਼ੁਰੂ ਕਰੇ। .
ਇਸ ਦੌਰਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮਜੀਤ ਸਿੰਘ ਮਜੀਠੀਆ, ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਸਣੇ ਸਮੁੱਚੀ ਸੀਨੀਅਰ ਅਕਾਲੀ ਭਾਜਪਾ ਲੀਡਰਸ਼ਿਪ ਹਾਜ਼ਰ ਰਹੀ। ਸਟੇਜ ਦਾ ਸੰਚਾਲਨ ਚਰਨਜੀਤ ਸਿੰਘ ਬਰਾੜ ਅਤੇ ਸਿੰਕਦਰ ਸਿੰਘ ਮਲੂਕਾ ਵਲੋਂ ਕੀਤਾ ਗਿਆ।
ਵਿਰਸਾ ਸਿੰਘ ਵਲਟੋਹਾ ਨੇ ਬਲਰਾਮ ਜਾਖੜ ਨੂੰ ਸੱਪ ਅਤੇ ਸੁਨੀਲ ਜਾਖੜ ਨੂੰ ਸਪੋਲੀਆ ਕਹਿ ਕੇ ਜਨਤਾ ਵਿਚ ਪ੍ਰਚਾਰਿਆ। ਇਸ ਉਪਰੰਤ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਤੋਂ ਵੱਡਾ ਕੋਈ ਵੀ ਵਿਕਾਊ ਮਾਲ ਨਹੀਂ ਜੋ ਕਿ ਝੱਟ ਵਿਚ ਹਰ ਕਿਸੇ ਨੂੰ ਅਪਣਾ ਪਿਉ ਬਣਾ ਲੈਂਦਾ ਹੈ, ਜਦ ਕਿ ਰਾਧੇ ਮਾਂ, ਸੌਦਾ ਸਾਧ, ਆਸਾ ਰਾਮ ਦੇ ਗੁਣ ਗਾਉਂਦੇ ਦੀਆਂ ਵੀਡੀਓ ਨਵਜੋਤ ਸਿੰਘ ਸਿੱਧੂ ਦੀਆਂ ਯੂ ਟਿਊਬ 'ਤੇ ਵੀ ਦੇਖੀਆਂ ਜਾ ਸਕਦੀਆਂ ਹਨ।
ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਕਿਹਾ ਕਿ ਕਾਂਗਰਸ ਪੰਜਾਬ ਵਿਚ ਭਰਾ ਮਾਰੂ ਜੰਗ ਸ਼ੁਰੂ ਕਰਨਾ ਚਾਹੁੰਦੀ ਹੈ ਪਰ ਖਾਲਿਸਤਾਨ ਦੀ ਮੰਗ ਕਰਨ ਵਾਲੇ ਲੋਕਾਂ ਦੀਆਂ ਪੰਜਾਬ ਦੇ ਲੋਕ ਜਮਾਨਤਾਂ ਜਬਤ ਕਰਵਾ ਦਿੰਦੇ ਹਨ।
ਸਾਬਕਾ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬਰਗਾੜੀ ਵਿਚ ਬੈਠਾ ਸਿਮਰਨਜੀਤ ਸਿੰਘ ਮਾਨ ਦਾ ਜਥੇਦਾਰ ਧਿਆਨ ਸਿੰਘ ਮੰਡ ਦਾ ਭਰਾ ਜਿਸ ਨੇ ਪੰਜਾਬ ਦੇ ਖਰਾਬ ਮਾਹੌਲ ਦੌਰਾਨ 50-60 ਹਿੰਦੂ ਅਤੇ ਸਿੱਖਾਂ ਦਾ ਕਤਲ ਕੀਤਾ ਸੀ।
ਉਨ੍ਹਾਂ ਝੰਡੀਆਂ ਦਿਖਾਉਣ ਵਾਲਿਆਂ 'ਤੇ ਨਿਸ਼ਾਨਾ ਲਗਾਉਂਦੇ ਹੋਏ ਕਿਹਾ ਕਿ ਸੁਨੀਲ ਜਾਖੜ ਤੋਂ ਝੰਡੀਆਂ ਦਿਖਾਉਣ ਲਈ ਅਪਣੇ ਹਲਕੇ ਵਿਚ 50-60 ਬੰਦੇ ਹੀ ਇੱਕਠੇ ਹੋਏ ਜਦਕਿ ਅਪਣੇ ਅਹੁਦੇ ਦੀ ਸ਼ਰਮ ਤਹਿਤ 1000-2000 ਬੰਦਾ ਦਾ ਇੱਕਠਾ ਕਰਾਉਂਦਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਸ਼ਹੀਦਾਂ ਦੀ ਜਥੇਬੰਦੀ ਹੈ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਕੌਮ ਨੂੰ ਦੇਣ ਬੱਚਾ-ਬੱਚਾ ਜਾਣਦਾ ਹੈ ਪਰ ਹੁਣ ਸ਼ਰਾਬੀ ਅਤੇ ਐਯਾਸ਼ ਰਾਜਾ ਕੈਪਟਨ ਅਮਰਿੰਦਰ ਸਿੰਘ ਸ. ਬਾਦਲ ਨੂੰ ਕਿਰਦਾਰ ਦਾ ਪਾਠ ਪੜਾਉਣਾ ਚਾਹੁੰਦਾ ਹੈ।
ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਖਹਿਰਾ, ਕਾਂਗਰਸ ਦੇ ਮੰਤਰੀਆਂ ਅਤੇ ਦਾਦੂਵਾਲ ਵਰਗਿਆਂ ਨੇ ਘਰ ਬੈਠ ਕੇ ਬਣਾਈ। ਉਨ੍ਹਾਂ ਬਲਰਾਮ ਜਾਖੜ ਦੇ ਪੁਰਾਣੇ ਸਮੇਂ ਦੇ ਬਿਆਨਾਂ ਦੀ ਕਾਪੀ ਦਿਖਾਉਂਦੇ ਹੋਏ ਕਿਹਾ ਕਿ ਬਲਰਾਮ ਜਾਖੜ ਨੇ ਕਿਹਾ ਸੀ ਕਿ ਜੇਕਰ ਭਾਰਤ ਦੀ ਸ਼ਾਂਤੀ ਲਈ 2 ਕਰੋੜ ਸਿੱਖਾਂ ਨੂੰ ਵੀ ਮਾਰਨਾ ਪਿਆ ਤਾਂ ਮਾਂਰਾਗੇ ਜਦ ਕਿ ਹੁਣ ਮੇਰਾ ਰਸਤਾ ਰੋਕਣ ਵਾਲਾ ਸੁਨੀਲ ਜਾਖੜ ਪਿਉ ਦਾ ਹੈ ਤਾਂ ਮੇਰਾ ਰਸਤਾ ਰੋਕ ਕੇ ਦਿਖਾਏ। ਉਨ੍ਹਾਂ ਕਿਹਾ ਕਿ ਕਾਂਗਰਸ ਦੀਆਂ ਚਾਲਾਂ ਨੂੰ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਨਕਾਰ ਕੇ ਪਾਸੇ ਸੁੱਟ ਦਿਉ।
ਉਨ੍ਹਾਂ ਕਿਹਾ ਕਿ ਝੂਠੇ ਵਾਅਦੇ ਕਰਕੇ ਮੁੱਖ ਮੰਤਰੀ ਬਣੇ ਕੈਪਟਨ ਅਮਰਿੰਦਰ ਸਿੰਘ ਨੇ ਕਰੀਬ 2 ਸਾਲਾਂ ਵਿੱਚ ਤੁਹਾਨੂੰ ਸ਼ਕਲ ਤੱਕ ਨਹੀਂ ਦਿਖਾਈ। ਇਸ ਦੌਰਾਨ ਸੰਸਦ ਮੈਂਬਰ ਬਲਵਿੰਦਰ ਸਿੰਘ ਭੁੰਦੜ, ਸਿੰਕਦਰ ਸਿੰਘ ਮਲੂਕਾ, ਪ੍ਰਕਾਸ਼ ਸਿੰਘ ਭੱਟੀ, ਅਰੁਣ ਨਾਰੰਗ, ਸਤਿੰਦਰ ਜੀਤ ਸਿੰਘ ਮੰਟਾ, ਚਰਨਜੀਤ ਸਿੰਘ ਬਰਾੜ, ਹਰਚਰਨ ਬੈਂਸ, ਗੁਰਪਾਲ ਸਿੰਘ ਗਰੇਵਾਲ, ਮਹੇਸ਼ਇੰਦਰ ਸਿੰਘ ਗਰੇਵਾਲ, ਮਨਜਿੰਦਰ ਸਿੰਘ ਸਿਰਸਾ, ਜਨਮੇਜਾ ਸਿੰਘ ਸੇਖੋਂ, ਵਰਦੇਵ ਸਿੰਘ ਮਾਨ, ਸੁਰਜੀਤ ਜਿਆਣੀ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿਚ ਅਕਾਲੀ-ਭਾਜਪਾ ਲੀਡਰਸ਼ਿਪ ਅਤੇ ਵਰਕਰ ਹਾਜ਼ਰ ਸਨ।