
ਖੁਰਾਕ ਅਤੇ ਡਰੱਗਜ਼ ਪ੍ਰਸਾਸ਼ਨ ਦੇ ਕਮਿਸ਼ਨਰ ਅਤੇ ਮਿਸ਼ਨ ਤੰਦਰੁਸਤ ਪੰਜਾਬ ਦੇ ਡਾਇਰੈਕਟਰ ਕਾਹਨ ਸਿੰਘ ਪੰਨੂੰ ਨੇ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਅਤੇ ਦੀਵਾਲੀ
ਲੁਧਿਆਣਾ, (ਰਵੀ ਭਾਟੀਆ) : ਖੁਰਾਕ ਅਤੇ ਡਰੱਗਜ਼ ਪ੍ਰਸਾਸ਼ਨ ਦੇ ਕਮਿਸ਼ਨਰ ਅਤੇ ਮਿਸ਼ਨ ਤੰਦਰੁਸਤ ਪੰਜਾਬ ਦੇ ਡਾਇਰੈਕਟਰ ਕਾਹਨ ਸਿੰਘ ਪੰਨੂੰ ਨੇ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਅਤੇ ਦੀਵਾਲੀ ਆਦਿ ਤਿਉਹਾਰਾਂ 'ਤੇ ਪਟਾਕੇ ਚਲਾਉਣ ਵਾਲੇ ਲੋਕਾਂ ਨੂੰ ਨਸੀਹਤ ਦਿਤੀ ਹੈ ਕਿ ਸਾਫ਼ ਹਵਾ ਅਤੇ ਸ਼ੁੱਧ ਪੌਣ ਪਾਣੀ 'ਤੇ ਸਾਰਿਆਂ ਦਾ ਬਰਾਬਰ ਹੱਕ ਹੈ, ਇਸ ਲਈ ਨਿੱਜੀ ਫ਼ਾਇਦੇ ਅਤੇ ਮਨੋਰੰਜਨ ਲਈ ਇਨ੍ਹਾਂ ਨੂੰ ਪਲੀਤ ਨਾ ਕੀਤਾ ਜਾਵੇ।
ਅੱਜ ਸਥਾਨਕ ਬਚਤ ਭਵਨ ਵਿਖੇ ਗੈਰ ਸਰਕਾਰੀ ਸੰਸਥਾਵਾਂ 'ਈਕੋਸਿੱਘ' ਅਤੇ 'ਆਈ.ਐੱਮ.ਐਨ.ਐੱਨ.ਜੀ.ਓ' ਵਲੋਂ 'ਪ੍ਰਦੂਸ਼ਣ ਰਹਿਤ ਦਿਵਾਲੀ ਅਤੇ ਪਰਾਲੀ ਸੰਭਾਲ ਚਿੰਤਨ' ਵਿਸ਼ੇ 'ਤੇ ਕਰਵਾਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਸਮਾਜ ਦੀ ਹਰੇਕ ਧਿਰ ਨੂੰ ਵਾਤਾਵਰਣ ਬਚਾਉਣ ਹਿਤ ਹਰ ਤਰ੍ਹਾਂ ਦਾ ਪ੍ਰਦੂਸ਼ਣ ਖ਼ਤਮ ਕਰਨ ਲਈ ਅੱਗੇ ਆਉਣ ਦਾ ਸੱਦਾ ਦਿਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰ. ਪੰਨੂੰ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਵਿਸ਼ਵ ਵਿਚ ਸਾਲਾਨਾ 70 ਲੱਖ ਤੋਂ ਵਧੇਰੇ ਮੌਤਾਂ ਸਿਰਫ਼ ਹਵਾ ਪ੍ਰਦੂਸ਼ਣ ਨਾਲ ਹੀ ਹੋ ਰਹੀਆਂ ਹਨ।
ਭਾਰਤ ਦੀ ਗੱਲ ਕੀਤੀ ਜਾਵੇ ਤਾਂ ਹਵਾ ਪ੍ਰਦੂਸ਼ਣ ਵਿਚ ਸਭ ਤੋਂ ਵੱਡਾ ਯੋਗਦਾਨ ਪਰਾਲੀ ਜਾਂ ਨਾੜ ਸਾੜਨ ਨਾਲ ਪਾਇਆ ਜਾਂਦਾ ਹੈ। ਉਨ੍ਹਾਂ ਵੇਰਵੇ ਸਹਿਤ ਦਸਿਆ ਕਿ ਪੰਜਾਬ ਵਿਚ 30 ਲੱਖ ਹੈਕਟੇਅਰ ਰਕਬੇ ਵਿਚ ਝੋਨੇ ਦੀ ਲਵਾਈ ਕੀਤੀ ਜਾਂਦੀ ਹੈ, ਜਿਸ ਤੋਂ ਪੈਦਾ ਹੋਈ 2.5 ਕਰੋੜ ਟਨ ਪਰਾਲੀ ਨੂੰ ਅੱਗ ਲਗਾ ਕੇ ਸਾੜਿਆ ਜਾਂਦਾ ਹੈ। ਇਕ ਟਨ ਪਰਾਲੀ ਸਾੜਨ ਨਾਲ ਜਿਥੇ 200 ਕਿਲੋਗਰਾਮ ਸਵਾਹ ਪੈਦਾ ਹੁੰਦੀ ਹੈ, ਉਥੇ ਹੀ ਹੋਰ ਕਈ ਘਾਤਕ ਗੈਸਾਂ ਵੀ ਪੈਦਾ ਹੁੰਦੀਆਂ ਹਨ, ਜੋ ਕਿ ਮਨੁੱਖੀ ਅਤੇ ਜਾਨਵਰਾਂ ਦੀ ਸਿਹਤ ਲਈ ਬਹੁਤ ਨੁਕਸਾਨਦੇਹ ਸਾਬਤ ਹੁੰਦੀਆਂ ਹਨ।
ਪੰਜਾਬ ਸਰਕਾਰ ਵਲੋਂ ਝੋਨੇ ਦੀ ਪਰਾਲੀ ਨੂੰ ਸਾੜਨ ਦੀ ਬਿਜਾਏ ਇਸ ਦੀ ਵਰਤੋਂ ਬਾਇਓਗੈਸ ਉਤਪਾਦਨ ਲਈ ਭਾਰਤੀ ਤੇਲ ਨਿਗਮ ਲਿਮਿਟਡ ਨਾਲ ਸਮਝੌਤਾ ਕੀਤਾ ਗਿਆ ਹੈ, ਜਿਸ ਤਹਿਤ ਸੂਬੇ ਭਰ ਵਿਚ 400 ਬਾਇਓਗੈਸ ਪਲਾਂਟ ਲਗਾਏ ਜਾ ਰਹੇ ਹਨ, ਉਮੀਦ ਹੈ ਕਿ ਇਸ ਝੋਨੇ ਦੀ ਵਾਢੀ ਤੋਂ ਪਹਿਲਾਂ 42 ਪਲਾਂਟ ਚਾਲੂ ਹੋ ਜਾਣਗੇ।