
ਪੰਜਾਬ ਸਰਕਾਰ ਨੇ ਕੋਰੋਨਾ ਯੋਧਾ ਸਿਹਤ ਕਰਮਚਾਰੀ ਪਰਮਜੀਤ ਕੌਰ ਦੇ ਪਰਵਾਰ ਨੂੰ 50 ਲੱਖ ਰੁਪਏ ਦਿਤੇ
ਚੰਡੀਗੜ੍ਹ, 9 ਸਤੰਬਰ (ਸਪੋਕਸਮੈਨ ਸਮਾਚਾਰ ਸੇਵਾ) : ਸਿਹਤ ਅਤੇ ਪਰਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਬੁਧਵਾਰ ਨੂੰ ਵਿਸ਼ੇਸ਼ ਸਿਹਤ ਬੀਮਾ ਕਵਰ ਸਕੀਮ ਤਹਿਤ ਕੋਰੋਨਾ ਯੋਧਾ ਮਲਟੀਪਰਪਜ਼ ਹੈਲਥ ਵਰਕਰ (ਮਹਿਲਾ) ਸਵਰਗਵਾਸੀ ਪਰਮਜੀਤ ਕੌਰ ਦੇ ਪਰਵਾਰ ਨੂੰ ਸਨਮਾਨ ਪੱਤਰ ਦੇ ਨਾਲ 50 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਪ੍ਰਦਾਨ ਕੀਤੀ, ਜਿਨ੍ਹਾਂ ਦੀ ਡਿਊਟੀ ਦੌਰਾਨ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਸੀ। ਸ. ਸਿੱਧੂ ਨੇ ਦਸਿਆ ਕਿ ਪਿੰਡ ਲੋਹਗੜ੍ਹ (ਬਰਨਾਲਾ) ਦੀ ਮਲਟੀਪਰਪਜ਼ ਹੈਲਥ ਵਰਕਰ ਪਰਮਜੀਤ ਕੌਰ ਸਿਹਤ ਵਿਭਾਗ ਦੀ ਇਕ ਚਾਨਣ ਮੁਨਾਰਾ ਅਤੇ ਮਿਹਨਤੀ ਕਰਮਚਾਰੀ ਸੀ। ਫ਼ਰੰਟ ਲਾਈਨ ਵਰਕਰ ਵਜੋਂ ਅਪਣੀ ਡਿਊਟੀ ਨਿਭਾਉਂਦੇ ਹੋਏ ਉਨ੍ਹਾਂ ਦਾ ਟੈਸਟ ਪਾਜ਼ੇਟਿਵ ਪਾਇਆ ਗਿਆ। ਉਹ 52 ਸਾਲਾਂ ਦੇ ਸਨ ਅਤੇ ਜ਼ਿਲ੍ਹਾ ਲੁਧਿਆਣਾ ਦੇ ਸਬ ਸੈਂਟਰ ਕਾਲਸਾਂ, ਸੀਐਚਸੀ ਸੁਧਾਰ ਵਿਖੇ ਤਾਇਨਾਤ ਸਨ ਅਤੇ 29 ਜੁਲਾਈ 2020 ਨੂੰ ਕੋਵੀਡ -19 ਕਾਰਨ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਪਣੀਆਂ ਸੇਵਾਵਾਂ ਲਈ ਹਮੇਸ਼ਾਂ ਇਕ ਸੱਚੇ ਕੋਰੋਨਾ ਯੋਧਾ ਵਜੋਂ ਯਾਦ ਕੀਤਾ ਜਾਵੇਗਾ ਅਤੇ ਸੂਬਾ ਉਨ੍ਹਾਂ ਦੀ ਕੁਰਬਾਨੀ ਦਾ ਹਮੇਸ਼ਾਂ ਕਰਜ਼ਦਾਰ ਰਹੇਗਾ।
image