
ਪੰਥਕ ਦਲ ਆਉਂਦੀਆਂ ਸ਼੍ਰੋਮਣੀ ਕਮੇਟੀ ਚੋਣਾਂ ਲਈ ਤਿਆਰ : ਜਗੀਰ ਕੌਰ
ਸਿੱਖ ਵੋਟਰ ਦੀ ਉਮਰ 21 ਤੋਂ ਘਟਾ ਕੇ 18 ਸਾਲ ਕਰਨ ਦੇ ਹੱਕ ਵਿਚ
ਚੰਡੀਗੜ੍ਹ, 9 ਸਤੰਬਰ (ਜੀ.ਸੀ.ਭਾਰਦਵਾਜ): ਪਿਛਲੇ ਮਹੀਨੇ ਟੋਕੀਉ ਉਲੰਪਿਕਸ ਵਿਚ ਮਰਦਾਂ ਅਤੇ ਔਰਤਾਂ ਦੀ ਹਾਕੀ ਟੀਮਾਂ ਵਲੋਂ ਕੀਤੇ ਚੰਗੇ ਪ੍ਰਦਰਸ਼ਨ ਕਾਰਨ ਇਕ ਕਰੋੜ ਦੀ ਰਾਸ਼ੀ ਖਿਡਾਰੀਆਂ ਨੂੰ ਦੇਣ ਉਪਰੰਤ ਅੱਜ ਇਥੇ ਰੀਨਾ ਖੋਖਰ ਖਿਡਾਰਨ ਨੂੰ ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਕਮੇਟੀ ਵਲੋਂ 5 ਲੱਖ ਦਾ ਚੈੱਕ ਦੇ ਕੇ ਸਨਮਾਨਤ ਕੀਤਾ। ਪ੍ਰਧਾਨ ਨੇ ਇਹ ਵੀ ਐਲਾਨ ਕੀਤਾ ਕਿ ਸ਼੍ਰੋਮਣੀ ਕਮੇਟੀ ਭਵਿੱਖ ਵਿਚ ਹਾਕੀ ਦੀਆਂ ਦੋਹਾਂ ਟੀਮਾਂ ਮਰਦਾਂ ਅਤੇ ਔਰਤਾਂ ਵਾਸਤੇ ਨੈਸ਼ਨਲ ਪੱਧਰ ਦੀ ਤਿਆਰੀ ਵਾਸਤੇ ਖ਼ਰਚਾ ਮੁਫ਼ਤ ਕਰੇਗੀ।
ਸ਼੍ਰੋਮਣੀ ਕਮੇਟੀ ਦੇ ਸੈਕਟਰ 5 ਵਾਲੇ ਉਪ ਦਫ਼ਤਰ ਵਿਚ ਰੋਜ਼ਾਨਾ ਸਪੋਕਸਮੈਨ ਨਾਲ ਇਸ ਮੌਕੇ ਵਿਸ਼ੇਸ਼ ਗੱਲਬਾਤ ਦੌਰਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਕੇਂਦਰ ਵਲੋਂ ਨਿਯੁਕਤ ਚੀਫ਼ ਕਮਿਸ਼ਨਰ ਗੁਰਦਵਾਰਾ ਚੋਣਾਂ ਜਸਟਿਸ ਐਸ.ਐਸ. ਸਾਰੋਂ ਦਾ ਸਵਾਗਤ ਹੈ ਅਤੇ ਆਉਂਦੀਆਂ ਸ਼੍ਰੋਮਣੀ ਕਮੇਟੀ ਚੋਣਾਂ ਯਾਨੀ 170 ਮੈਂਬਰੀ ਜਨਰਲ ਹਾਊਸ ਵਾਸਤੇ ਸਿੱਖ ਵੋਟਰਾਂ ਦੀਆਂ ਲਿਸਟਾਂ ਤਿਆਰੀ ਲਈ ਹਰ ਤਰ੍ਹਾਂ ਨਾਲ ਸਹਿਯੋਗ ਕੀਤਾ ਜਾਵੇਗਾ। ਸਿੱਖ ਵੋਟਰਾਂ ਲਈ ਤੈਅ ਕੁੱਝ ਸ਼ਰਤਾਂ ਸਬੰਧੀ ਪੁਛੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਬੀਬੀ ਜਗੀਰ ਕੌਰ ਨੇ ਸਪੱਸ਼ਟ ਕਿਹਾ ਕਿ ਆਮ ਵੋਟਰਾਂ ਦੀ ਉਮਰ ਵਾਂਗ 18 ਸਾਲ ਦੀ ਕਰਨ ਯਾਨੀ ਮੌਜੂਦਾ 21 ਸਾਲ ਤੋਂ ਘਟਾ ਕੇ 18 ਦੀ ਕਰਨ ਵਾਸਤੇ ਤਾਂ ਪੰਥਕ ਦਲ ਹਮੇਸ਼ਾ ਤਿਆਰ ਹੈ ਤਾਕਿ ਸਿੱਖ ਲੜਕੇ ਤੇ ਲੜਕੀਆਂ ਨੂੰ ਵੀ ਇਨ੍ਹਾਂ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਬਣਦਾ ਹਿੱਸਾ ਤੇ ਅਧਿਕਾਰ ਮਿਲ ਸਕੇ।
ਜ਼ਿਕਰਯੋਗ ਹੈ ਕਿ 1925 ਦੇ ਗੁਰਦਵਾਰਾ ਐਕਟ ਅਨੁਸਾਰ ਅੱਜ 96 ਸਾਲ ਬਾਅਦ ਵੀ ਸਿੱਖ ਵੋਟਰ ਲਈ ਉਮਰ ਯੋਗਤਾ 21 ਸਾਲ ਦੀ ਹੀ ਚਲ ਰਹੀ ਹੈ। ਬੀਬੀ ਜਗੀਰ ਕੌਰ ਨੇ ਜ਼ੋਰ ਦੇ ਕੇ ਕਿਹਾ ਕਿ ਐਕਟ ਵਿਚ ਤਰਮੀਮ ਕਰਵਾਉਣ ਵਾਸਤੇ ਸ਼੍ਰੋਮਣੀ ਕਮੇਟੀ ਹਮੇਸ਼ਾ ਚੀਫ਼ ਕਮਿਸ਼ਨਰ ਗੁਰਦਵਾਰਾ ਚੋਣਾਂ ਦਾ ਸਾਥ ਦੇਵੇਗੀ। ਨਸ਼ਾ, ਸ਼ਰਾਬ ਤੇ ਹੋਰ ਕੁਰਹਿਤਾਂ ਵਿਚ ਕੋਈ ਢਿੱਲ ਦੇਣ ਸਬੰਧੀ ਬੀਬੀ ਜਗੀਰ ਕੌਰ ਨੇ ਸਪਸ਼ਟ ਕੀਤਾ ਕਿ ਸਿੱਖ ਧਰਮ ਵਿਚ ਦਰਜ ਕੁੱਝ ਸਖ਼ਤ ਨਿਯਮਾਂ ਨੇ ਹੀ ਸਿੱਖੀ ਦੀ ਆਨ ਸ਼ਾਨ ਨੂੰ ਬਚਾ ਕੇ ਰੱਖਿਆ ਹੈ, ਇਸ ਲਈ ਸਿੱਖ ਵੋਟਰਾਂ ਵਾਸਤੇ ਕਿਸੇ ਵੀ ਤਰ੍ਹਾਂ ਦੇ ਨਸ਼ੇ ਤੇ ਸ਼ਰਾਬ ਦੇ ਸੇਵਨ ਉਤੇ ਜਾਂ ਸਿੱਖੀ ਸਰੂੂਪ ਨੂੰ ਕਾਇਮ ਰੱਖਣ ਵਾਸਤੇ ਤੈਅਸ਼ੁਦਾ ਯੋਗ ਸ਼ਰਤਾਂ ਵਿਚ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਆਉਂਦੀਆਂ ਵਿਧਾਨ ਸਭਾ ਚੋਣਾਂ, ਅਕਾਲੀ ਦਲ ਦੇ 2 ਸੰਵਿਧਾਨ ਸਬੰਧੀ ਅਦਾਲਤਾਂ ਵਿਚ ਕੇਸ ਅਤੇ ਕੋਰੋਨਾ ਦੌਰਾਨ ਚੜ੍ਹਾਵੇ ਵਿਚ ਕਮੀ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿਚ ਕਟੌਤੀ ਸਬੰਧੀ ਪੁਛੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਬੀਬੀ ਜਗੀਰ ਕੌਰ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਵਿਚ ਉਹ ਖ਼ੁਦ ਵੱਧ ਚੜ੍ਹ ਕੇ ਹਿੱਸਾ ਲੈਣਗੇ, ਅਕਾਲੀ ਦਲ ਲਈ ਪ੍ਰਚਾਰ ਵੀ ਕਰਨਗੇ ਅਤੇ ਭੁਲੱਥ ਹਲਕੇ ਤੋਂ ਖ਼ੁਦ ਉਮੀਦਵਾਰ ਵੀ ਹੋਣਗੇ। ਬੀਬੀ ਜਗੀਰ ਕੌਰ ਲੇ ਅੱਜ ਅਕਾਲੀ ਦਲ ਕੋਰ ਕਮੇਟੀ ਬੈਠਕ ਵਿਚ ਹਿੱਸਾ ਵੀ ਲਿਆ। ਉਨ੍ਹਾਂ ਇਹ ਵੀ ਕਿਹਾ ਕਿ ਕੋਰੋਨਾ ਮਹਾਮਾਰੀ ਦੌਰਾਨ ਗੁਰਦਵਾਰਿਆਂ ਦੀ ਆਮਦਨੀ ਘੱਟ ਗਈ ਸੀ ਪਰ ਹੁਣ ਸ਼੍ਰੋਮਣੀ ਕਮੇਟੀ ਸਕੂਲਾਂ, ਕਾਲਜਾਂ ਅਤੇ ਹੋਰ ਸੰਸਥਾਵਾਂ ਦੇ ਹਜ਼ਾਰਾਂ ਮੁਲਾਜ਼ਮਾਂ ਨੂੰ 440 ਕਰੋੜ ਦੀ ਤਨਖ਼ਾਹਾਂ ਤੇ ਭੱਤਿਆਂ ਵਿਚ ਕੋਈ ਕਟੌਤੀ ਨਹੀਂ ਕੀਤੀ ਜਾਵੇਗੀ।