
ਵਾਧੂ ਪਟਵਾਰ ਸਰਕਲਾਂ ਦਾ ਕੰਮ 12 ਸਤੰਬਰ ਤੋਂ ਹੋਵੇਗਾ ਸ਼ੁਰੂ
ਲੁਧਿਆਣਾ : ਅੱਜ ਦੀ ਰੈਵੀਨਿਊ ਪਟਵਾਰ ਯੂਨੀਅਨ ਅਤੇ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਪੰਜਾਬ ਦੀ ਸਾਂਝੀ ਤਾਲਮੇਲ ਕਮੇਟੀ ਦੀ ਇੱਕ ਅਹਿਮ ਮੀਟਿੰਗ ਮੁਕਾਮ ਗੁਰੂ ਨਾਨਕ ਭਵਨ ਲੁਧਿਆਣਾ ਵਿਖੇ ਹੋਈ, ਜਿਸ ਵਿਚ ਤਾਲਮੇਲ ਕਮੇਟੀ ਨੇ ਫ਼ੈਸਲਾ ਲਿਆ ਕਿ 9 ਸਤੰਬਰ ਦੀ ਸਰਕਾਰ ਨਾਲ ਹੋਈ ਮੀਟਿੰਗ ਵਿਚ ਸਰਕਾਰ ਵੱਲੋਂ ਸਮੂਹ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਗਿਆ। ਉਸ ਭਰੋਸੇ ਅਤੇ ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ, ਸਮੁੱਚੇ ਪਟਵਾਰੀਆਂ ਨੇ ਜੋ ਪੰਜਾਬ ਭਰ ਵਿਚ ਵਾਧੂ ਪਟਵਾਰ ਸਰਕਲਾਂ ਦਾ ਕੰਮ ਬੰਦ ਕੀਤਾ ਹੋਇਆ ਸੀ, ਉਸ ਨੂੰ 12 ਸਤੰਬਰ ਤੋਂ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਤਾਲਮੇਲ ਕਮੇਟੀ ਪੰਜਾਬ ਵੱਲੋਂ ਜੋ 15 ਸਤੰਬਰ ਨੂੰ ਮੁੱਖ ਮੰਤਰੀ ਦੇ ਖ਼ਿਲਾਫ਼ ਸੰਗਰੂਰ ਵਿਖੇ ਰੈਲੀ ਰੱਖੀ ਗਈ ਸੀ
ਉਹ ਰੈਲੀ ਇੱਕ ਮਹੀਨੇ ਲਈ ਮੁਲਤਵੀ ਕੀਤੀ ਜਾਂਦੀ ਹੈ। ਜੇਕਰ ਸਰਕਾਰ ਨੇ ਮੰਨੀਆਂ ਮੰਗਾਂ 30 ਸਤੰਬਰ ਤੱਕ ਲਾਗੂ ਨਾ ਕੀਤੀਆਂ ਤਾਂ 1 ਅਕਤੂਬਰ ਤੋਂ ਵਾਧੂ ਪਟਵਾਰ ਸਰਕਲਾਂ ਦੀਆਂ ਸਾਉਣੀ ਦੀਆਂ ਫ਼ਸਲਾਂ ਦੀ ਗਿਰਦਾਵਰੀ ਨਹੀਂ ਕੀਤੀ ਜਾਵੇਗੀ। ਪਟਵਾਰੀਆਂ ਅਤੇ ਕਾਨੂੰਗੋਆ ਦੀਆਂ ਮੁੱਖ ਮੰਗਾਂ 1056 ਰੱਦ ਕੀਤੀਆਂ ਪੋਸਟਾਂ ਨੂੰ ਮੁੜ ਬਹਾਲ ਕਰਨਾ, 1-1-1986 ਤੋਂ 31-12-1995 ਤੱਕ ਭਰਤੀ ਪਟਵਾਰੀਆਂ ਦੀ ਤਨਖ਼ਾਹ ਇੱਕਸਾਰ ਕਰਨਾ, ਪਟਵਾਰੀਆਂ ਦੇ ਪਰੋਬੇਸਨ ਪੀਰੀਅਡ ਨੂੰ ਟ੍ਰੇਨਿੰਗ ਵਿਚ ਗਿਣਨਾ, 3000 ਹੋਰ ਪਟਵਾਰੀਆਂ ਦੀ ਨਵੀਂ ਭਰਤੀ ਕਰਨਾ, ਪਟਵਾਰੀਆਂ ਦੇ ਭੱਤੇ ਵਧਾਉਣਾ ਆਦਿ ਹਨ।