
ਮੋਹਾਲੀ ਦੀ ਸੀਬੀਆਈ ਤੀ ਵਿਸ਼ੇਸ਼ ਅਦਾਲਤ ਵਿਚ ਮਨੀ ਲੋਂਡਰਿੰਗ ਦੇ ਕੇਸ ਵਿਚ ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ, ਸਾਬਕਾ ਸੀਪੀਐਸ ਅਵਿਨਾਸ਼ ਚੰਦਰ ਅਤੇ ਜਗਦੀਸ਼ ਚੰਦਰ.........
ਐਸ.ਏ.ਐਸ.ਨਗਰ : ਮੋਹਾਲੀ ਦੀ ਸੀਬੀਆਈ ਤੀ ਵਿਸ਼ੇਸ਼ ਅਦਾਲਤ ਵਿਚ ਮਨੀ ਲੋਂਡਰਿੰਗ ਦੇ ਕੇਸ ਵਿਚ ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ, ਸਾਬਕਾ ਸੀਪੀਐਸ ਅਵਿਨਾਸ਼ ਚੰਦਰ ਅਤੇ ਜਗਦੀਸ਼ ਚੰਦਰ ਸਮੇਤ ਮੁਲਜ਼ਮਾਂ 'ਤੇ ਮੰਗਲਵਾਰ ਨੂੰ ਦੋਸ਼ ਤੈਅ ਕਰ ਦਿਤੇ ਗਏ ਹਨ। ਹੁਣ ਇਸ ਮਾਮਲੇ ਵਿਚ ਅਦਾਲਤ ਵਿਚ ਟ੍ਰਾਇਲ ਚਲੇਗਾ।ਦੋਸ਼ ਤੈਅ ਹੋਣ ਦੌਰਾਨ ਈਡੀ ਦੇ ਸਾਬਕਾ ਅਧਿਕਾਰੀ ਨਿਰੰਜਨ ਸਿੰਘ ਵੀ ਮੌਕੇ 'ਤੇ ਮੌਜੂਦ ਸਨ ਹਾਲਾਂਕਿ ਇਸ ਦੌਰਾਨ ਉਨ੍ਹਾਂ ਮੀਡੀਆ ਨਾਲ ਗੱਲ ਨਹੀਂ ਕੀਤੀ। ਧਿਆਨ ਰਹੇ ਕਿ ਜੁਲਾਈ 2017 ਵਿਚ ਇਸ ਮਾਮਲੇ 'ਚ 5ਵਾਂ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਗਿਆ ਸੀ।
ਇਸ ਚਲਾਨ ਵਿਚ ਸਾਬਕਾ ਜੇਲ੍ਹ ਮੰਤਰੀ ਸਰਵਣ ਸਿੰਘ ਫਿਲੌਰ, ਸਾਬਕਾ ਸੀਪੀਐਸ ਅਵਿਨਾਸ਼ ਚੰਦਰ, ਦਮਨਵੀਰ ਸਿੰਘ ਫਿਲੌਰ, ਬਿਜਨੇਸਮੈਨ ਜਗਜੀਤ ਸਿੰਘ, ਪਰਮਜੀਤ ਸਿੰਘ ਚਾਹਲ (ਜਗਜੀਤ ਦਾ ਭਰਾ), ਇੰਦਰਜੀਤ ਕੌਰ (ਪਤਨੀ ਜਗਜੀਤ ਸਿੰਘ ਚਾਹਲ), ਦਵਿੰਦਰ ਸ਼ਰਮਾ, ਜਸਵਿੰਦਰ ਸਿੰਘ (ਇਸ ਵੇਲੇ ਕੈਨੇਡਾ ਵਿੱਚ ਹੈ), ਸਚਿਨ ਸਰਦਾਨਾ, ਕੈਲਾਸ਼ ਸਰਦਾਨਾ ਦਾ ਨਾਂ ਸ਼ਾਮਲ ਕੀਤਾ ਗਿਆ ਸੀ। ਸਰਵਣ ਸਿੰਘ ਫਿਲੌਰ ਜੋਕਿ ਚਾਰ ਵਾਰ ਫਿਲੌਰ ਵਿਧਾਨ ਸਭਾ ਸੀਟ ਜਿੱਤ ਚੁੱਕੇ ਹਨ, ਨੇ 2014 ਵਿਚ ਭੋਲਾ ਡਰੱਗ ਰੈਕੇਟ 'ਤੇ ਮਨੀ ਲੋਂਡਰਿੰਗ ਵਿਚ ਨਾਮ ਆਉਣ ਬਾਅਦ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਸੀ।
ਅਕਾਲੀ -ਭਾਜਪਾ ਗਠਬੰਧਨ ਸਰਕਾਰ ਵੇਲੇ ਉਹ ਜੇਲ੍ਹ ਮੰਤਰੀ ਰਹੇ ਸਨ। ਇਸ ਤਰ੍ਹਾਂ ਅਵਿਨਾਸ਼ ਚੰਦਰ ਮੁੱਖ ਸੰਸਦੀ ਸਚਿਵ ਰਹਿ ਚੁਕੇ ਹਨ। ਉਧਰ, ਅਦਾਲਤ ਤੋਂ ਬਾਹਰ ਆਉਣ 'ਤੇ ਦਮਨਵੀਰ ਫਿਲੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੋਸ਼ ਤੈਅ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਉਹ ਇਸ ਮਾਮਲੇ 'ਚ ਦੋਸ਼ੀ ਹੋ ਗਏ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਹੁਣ ਕੇਸ ਚਲੇਗਾ ਅਤੇ ਚੰਗੀ ਗੱਲ ਹੈ ਕਿ ਜਲਦ ਸੱਚਾਈ ਸਾਹਮਣੇ ਆ ਜਾਏਗੀ।