
ਲਾਪਤਾ ਸਰੂਪਾਂ ਬਾਰੇ ਜਾਂਚ ਰਿਪੋਰਟ ਨੂੰ ਰੱਦ ਕਰਨ ਜਥੇਦਾਰ: 'ਆਪ'
to
ਚੰਡੀਗੜ੍ਹ, 9 ਅਕਤੂਬਰ (ਸੁਰਜੀਤ ਸਿੰਘ ਸੱਤੀ) : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ 328 ਪਵਿੱਤਰ ਸਰੂਪਾਂ ਲਈ ਗਠਿਤ ਤਿੰਨ ਮੈਂਬਰੀ ਜਾਂਚ ਕਮੇਟੀ ਵਲੋਂ ਦਿਤੀ ਜਾਂਚ ਰਿਪੋਰਟ ਉੱਤੇ ਗੰਭੀਰ ਸਵਾਲ ਖੜੇ ਕਰਦਿਆਂ ਹੋਏ ਦੋਸ਼ ਲਗਾਏ ਕਿ ਜਾਂਚ ਪੈਨਲ ਨੇ ਸਰੂਪ ਲਾਪਤਾ ਹੋਣ ਦੇ ਕਥਿਤ ਜ਼ਿੰਮੇਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਮੁੱਖ ਅਧਿਕਾਰੀਆਂ ਅਤੇ ਉਨ੍ਹਾਂ ਦੇ ਸਿਆਸੀ ਆਕਿਆਂ ਨੂੰ ਕਲੀਨ ਚਿੱਟ ਦੇਣ ਲਈ ਅਸਲੀਅਤ ਲੁਕਾਉਣ 'ਤੇ ਜ਼ਿਆਦਾ ਜ਼ੋਰ ਦਿਤਾ ਹੈ। ਫਿਰ ਵੀ ਇਹ ਹਿਰਦੇ ਵਾਦਕ ਤੱਥ ਸਾਹਮਣੇ ਆਏ ਹਨ ਕਿ ਐਸਜੀਪੀਸੀ ਪ੍ਰਬੰਧਕ 'ਗੁਰੂ' ਦਾ ਵੀ ਬਲੈਕ 'ਚ ਮੁੱਲ ਵਟਦੀ ਰਹੀ ਹੈ। ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਪ੍ਰੋ. ਬਲਜਿੰਦਰ ਕੌਰ, ਜੈ ਸਿੰਘ ਰੋੜੀ, ਕੁਲਵੰਤ ਸਿੰਘ ਪੰਡੋਰੀ ਅਤੇ ਮਨਜੀਤ ਸਿੰਘ ਬਿਲਾਸਪੁਰ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪੇਤਲੀ ਜਾਂਚ 'ਤੇ ਆਧਾਰਤ ਇਸ ਜਾਂਚ ਰਿਪੋਰਟ ਨੂੰ ਰੱਦ ਕਰਨ ਅਤੇ ਪੂਰਾ ਸੱਚ ਸਾਹਮਣੇ ਲਿਆਉਣ ਲਈ ਇਸ ਪੂਰੇ ਮਾਮਲੇ ਦੀ ਐਫਆਈਆਰ ਦਰਜ ਕਰਾਉਣ ਦੇ ਆਦੇਸ਼ ਦੇਣ ਅਤੇ ਉੱਚ ਪਧਰੀ ਨਿਰਪੱਖ ਜਾਂਚ ਕਰਾਉਣ। 'ਆਪ' ਆਗੂਆਂ ਨੇ ਕਿਹਾ, ''ਬਿਨਾ ਸ਼ੱਕ ਆਮ ਆਦਮੀ ਪਾਰਟੀ ਇਕ ਧਰਮ ਨਿਰਪੱਖ ਪਾਰਟੀ ਹੈ, ਪਰੰਤੂ ਨਿਮਾਣੇ ਸਿੱਖ ਹੋਣ ਦੇ ਨਾਤੇ ਐਸਜੀਪੀਸੀ ਦੀ ਕਾਰਜਸ਼ੈਲੀ ਨੂੰ ਬੇਹੱਦ ਨਿਰਾਸ਼ਾਜਨਕ ਮੰਨਦੀ ਹੈ।
ਜੇਕਰ ਐਸਜੀਪੀਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਰੂਪਾਂ ਨੂੰ ਨਹੀਂ ਸੰਭਾਲ ਸਕਦੀ ਅਤੇ ਆਪਣੇ ਨੱਕ ਥੱਲੇ ਗੁਰੂ ਦੀ ਬੈਠਕ 'ਚ ਵਿੱਕਰੀ ਕਰਵਾਉਂਦੀ ਰਹੀ ਹੋਵੇ ਤਾਂ ਅਜਿਹੇ ਪ੍ਰਬੰਧਕਾਂ (ਐਸਜੀਪੀਸੀ) ਅਤੇ 'ਮਸੰਦਾਂ' 'ਚ ਕੀ ਫ਼ਰਕ ਰਹਿ ਗਿਆ ਹੈ।''