
ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤਕ ਰਹੇਗਾ ਪੰਜਾਬ ਬੰਦ
ਚੰਡੀਗੜ੍ਹ (ਸਪੋਕਸਮੈਨ ਸਮਾਚਾਰ ਸੇਵਾ) : ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਨੂੰ ਲੈ ਕੇ ਵਿਵਾਦਾਂ ਵਿਚ ਘਿਰੀ ਪੰਜਾਬ ਸਰਕਾਰ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਇਸ ਮਾਮਲੇ ਨੂੰ ਲੈ ਕੇ ਸੰਤ ਸਮਾਜ ਨੇ 10 ਅਕਤੂਬਰ ਨੂੰ ਪੰਜਾਬ ਬੰਦ ਦਾ ਸੱਦਾ ਦਿਤਾ ਹੈ। ਇਸ ਬੰਦ ਦੇ ਸਮਰਥਨ ਵਿਚ ਆਮ ਆਦਮੀ ਪਾਰਟੀ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਸਮੇਤ ਸ਼ਡਿਊਲ ਕਾਸਟ ਅਲਾਇੰਸ ਨੇ ਵੀ ਸਾਥ ਦਿਤਾ ਹੈ।
Scholarship Scam
ਇਥੇ ਹੀ ਬਸ ਨਹੀਂ ਘੁਟਾਲੇ ਨੂੰ ਲੈ ਕੇ ਸਾਬਕਾ ਆਈ.ਏ.ਐਸ. ਅਧਿਕਾਰੀ ਐੱਸ. ਆਰ. ਲੱਧੜ ਵੀ ਇਸ ਮੁੱਦੇ ’ਤੇ ਸਰਕਾਰ ਵਿਰੁਧ ਮੋਰਚਾ ਖੁਲ੍ਹ ਚੁੱਕੇ ਹਨ। ਸਿਆਸੀ ਪਾਰਟੀਆਂ ਅਤੇ ਸਮਾਜਕ ਜਥੇਬੰਦੀਆਂ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਕੈਬਨਿਟ ’ਚੋਂ ਬਰਖਾਸਤ ਕਰਨ ਦੀ ਮੰਗ ਕਰ ਰਹੀਆਂ ਹਨ। ਇਸ ਤੋਂ ਇਲਾਵਾ ਭਗਵਾਨ ਵਾਲਮੀਕਿ ਟਾਈਗਰ ਫ਼ੋਰਸ ਵਲੋਂ ਵੀ 10 ਅਕਤੂਬਰ ਨੂੰ ਪੰਜਾਬ ਬੰਦ ਦੀ ਕਾਲ ਦਿਤੀ ਗਈ ਹੈ।
sadhu singh dharamsot
ਫ਼ੋਰਸ ਦੇ ਚੇਅਰਮੈਨ ਅਜੇ ਖੋਸਲਾ ਨੇ ਕਿਹਾ ਕਿ ਹਾਥਰਸ ਦੀ ਘਟਨਾ ਵਿਚ ਅਜੇ ਤਕ ਸਰਕਾਰ ਕੋਈ ਸਖ਼ਤ ਕਦਮ ਨਹੀਂ ਚੁੱਕ ਸਕੀ ਹੈ। ਖੋਸਲਾ ਨੇ ਕਿਹਾ ਕਿ ਯੂ. ਪੀ ਸਰਕਾਰ ਅਜੇ ਤਕ ਮੁਲਜ਼ਮਾਂ ਤਕ ਨਹੀਂ ਪਹੁੰਚ ਸਕੀ ਹੈ ਅਤੇ ਪੁਲਿਸ ਦੀ ਕਾਰਜਪ੍ਰਣਾਲੀ ਵੀ ਸ਼ੱਕੀ ਹੈ, ਹਰ ਵਾਰ ਕੋਈ ਨਾ ਕੋਈ ਕਹਾਣੀ ਬਣਾ ਕੇ ਇਸ ਘਟਨਾ ਵਿਚ ਪੇਸ਼ ਕੀਤੀ ਜਾ ਰਹੀ ਹੈ। ਇਸ ਦੇ ਵਿਰੋਧ ਵਿਚ ਉਨ੍ਹਾਂ ਪੰਜਾਬ ਬੰਦ ਦਾ ਸੱਦਾ ਦਿਤਾ ਹੈ, ਜਿਹੜਾ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤਕ ਰਹੇਗਾ।