
ਸੁਮੇਧ ਸੈਣੀ ਨੂੰ ਖੁਲ੍ਹੀ ਜ਼ਮਾਨਤ ਜਾਰੀ, ਸਰਕਾਰ ਨੇ ਜਵਾਬ ਲਈ ਸਮਾਂ ਮੰਗਿਆ
ਚੰਡੀਗੜ੍ਹ, 9 ਅਕਤੂਬਰ (ਸੁਰਜੀਤ ਸਿੰਘ ਸੱਤੀ) : ਸਿਟਕੋ ਦੇ ਜੇਈ ਬਲਵੰਤ ਸਿੰਘ ਮੁਲਤਾਨੀ ਅਗ਼ਵਾ ਤੇ ਕਤਲ ਕੇਸ 'ਚ ਫਸੇ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਮਿਲੀ ਖੁਲ੍ਹੀ ਜ਼ਮਾਨਤ ਵੀਰਵਾਰ ਨੂੰ ਵੀ ਅੱਗੇ ਜਾਰੀ ਰੱਖੀ ਗਈ ਹੈ। ਹੁਣ 14 ਅਕਤੂਬਰ ਤਕ ਸੈਣੀ ਦੇ ਸਮੁੱਚੇ ਸੇਵਾਕਾਲ ਦੌਰਾਨ ਕਿਸੇ ਵਾਰਦਾਤ ਦੇ ਸਬੰਧ ਵਿਚ ਉਸ ਨੂੰ ਜੇਕਰ ਗ੍ਰਿਫ਼ਤਾਰ ਕਰਨ ਦੀ ਲੋੜ ਹੋਵੇ ਤਾਂ ਪੁਲਿਸ ਨੂੰ ਸੱਤ ਦਿਨ ਪਹਿਲਾਂ ਨੋਟਿਸ ਦੇਣਾ ਪਵੇਗਾ। ਖੁਲ੍ਹੀ ਜ਼ਮਾਨਤ ਦਾ ਲਾਭ ਮੁਲਤਾਨੀ ਕਤਲ ਕੇਸ 'ਤੇ ਲਾਗੂ ਨਹੀਂ ਹੋਵੇਗਾ। ਇਸ ਮਾਮਲੇ ਵਿਚ ਹਾਈ ਕੋਰਟ ਨੇ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗ ਲਿਆ ਸੀ ਤੇ ਅੱਜ ਵੀਰਵਾਰ ਨੂੰ ਸਰਕਾਰ ਨੇ ਜਵਾਬ ਲਈ ਸਮਾਂ ਮੰਗ ਲਿਆ, ਜਿਸ 'ਤੇ ਹਾਈ ਕੋਰਟ ਨੇ ਅੰਤ੍ਰਿਮ ਰਾਹਤ ਜਾਰੀ ਰਖਦਿਆਂ ਸੁਣਵਾਈ 14 ਅਕਤੂਬਰ 'ਤੇ ਪਾ ਦਿਤੀ ਹੈ। ਹਾਈ ਕੋਰਟ ਨੇ ਸੈਣੀ ਨੂੰ ਅੰਤ੍ਰਿਮ ਰਾਹਤ ਦਿੰਦਿਆਂ ਖੁਲ੍ਹੀ ਜ਼ਮਾਨਤ ਪ੍ਰਦਾਨ ਕੀਤੀ ਸੀ। ਉਨ੍ਹਾਂ ਨੂੰ ਮੁਲਤਾਨੀ ਕੇਸ ਤੋਂ ਇਲਾਵਾ ਕਿਸੇ ਵੀ ਕੇਸ 'ਚ ਗ੍ਰਿਫ਼ਤਾਰ ਕਰਨ ਤੋਂ ਪਹਿਲਾਂ ਪੁਲਿਸ ਨੂੰ ਇਕ ਹਫ਼ਤੇ ਦਾ ਨੋਟਿਸ ਦੇਣ ਦੀ ਹਦਾਇਤ ਕੀਤੀ ਗਈ ਸੀ।