
ਬਹਿਰਾਈਚ ਪ੍ਰਸ਼ਾਸਨ ਨੇ ਸਿੱਖ ਕਿਸਾਨਾਂ ਨੂੰ ਗੁਰਮੁਖੀ ਵਿਚ
ਬਹਿਰਾਇਚ (ਯੂਪੀ) 9 ਅਕਤੂਬਰ : ਬਹਰਾਇਚ ਜ਼ਿਲ੍ਹਾ ਪ੍ਰਸ਼ਾਸਨ ਨੇ ਗੁਰਮੁਖੀ ਲਿਪੀ ਵਿਚ ਪੱਤਰ ਲਿਖ ਕੇ ਸਿੱਖਾਂ ਤਕ ਪਹੁੰਚਣ ਦੀ ਕੋਸ਼ਿਸ਼ ਕੀਤੀ ਹੈ ਅਤੇ ਲਖੀਮਪੁਰ ਹਿੰਸਾ ਤੋਂ ਬਾਅਦ ਸੰਜਮ ਬਣਾਈ ਰਖਣ ਲਈ ਉਨ੍ਹਾਂ ਦਾ ਧਨਵਾਦ ਕੀਤਾ ਹੈ। ਇਸ ਹਿੰਸਾ ਵਿਚ ਇਸ ਜ਼ਿਲ੍ਹੇ ਦੇ ਦੋ ਸਿੱਖ ਕਿਸਾਨ ਅਤੇ ਲਖੀਮਪੁਰ ਖੇੜੀ ਦੇ ਦੋ ਸਿੱਖ ਕਿਸਾਨ ਮਾਰੇ ਗਏ ਸਨ। ਬਹਰਾਇਚ ਜ਼ਿਲ੍ਹਾ ਪ੍ਰਸ਼ਾਸਨ ਦੀ ਇਸ ਪਹਿਲ ਨੂੰ ਸਿੱਖਾਂ ਦੇ ਦੁੱਖਾਂ ’ਤੇ ਮੱਲ੍ਹਮ ਲਾਉਣ ਦੀ ਕੋਸ਼ਿਸ਼ ਵਜੋਂ ਵੇਖਿਆ ਜਾ ਰਿਹਾ ਹੈ।
ਜ਼ਿਲ੍ਹਾ ਮੈਜਿਸਟਰੇਟ ਦਿਨੇਸ਼ ਚੰਦਰ ਸਿੰਘ ਨੇ ਦਾਅਵਾ ਕੀਤਾ ਕਿ ਗੁਰਮੁਖੀ ਵਿਚ ਚਿੱਠੀ ਪੜ੍ਹ ਕੇ, ਪੀੜਤ ਪ੍ਰਵਾਰਾਂ ਦੀ ਤਕਲੀਫ਼ ਘੱਟ ਨਹੀਂ ਹੋ ਸਕਦੀ, ਪਰ ਉਨ੍ਹਾਂ ਨੂੰ ਪ੍ਰਸ਼ਾਸਨ ਪ੍ਰਤੀ ਅਪਣੀ ਭਾਵਨਾ ਦਾ ਅਹਿਸਾਸ ਜ਼ਰੂਰ ਹੋ ਗਿਆ ਹੈ। ਬਹਰਾਇਚ ਦੇ ਸਿੱਖ ਕਿਸਾਨਾਂ ਤੋਂ ਇਲਾਵਾ ਇਹ ਪੱਤਰ ਡਿਜੀਟਲ ਮਾਧਿਅਮ ਰਾਹੀਂ ਦੂਜੇ ਜ਼ਿਲਿਆਂ ਵਿਚ ਰਹਿ ਰਹੇ ਸਿੱਖਾਂ ਨੂੰ ਵੀ ਭੇਜਿਆ ਗਿਆ ਹੈ।
ਗੁਰਮੁਖੀ ਵਿਚ ਲਿਖੇ ਪੱਤਰ ਵਿਚ ਕਿਹਾ ਗਿਆ ਹੈ, “ਲਖੀਮਪੁਰ ਵਿਚ 3 ਅਕਤੂਬਰ ਨੂੰ ਵਾਪਰੀ ਘਟਨਾ ਦੀ ਸਰਕਾਰ ਅਤੇ ਸਾਰੇ ਨਾਗਰਿਕਾਂ ਵਲੋਂ ਨਿੰਦਾ ਕੀਤੀ ਗਈ ਹੈ। ਸਰਕਾਰ, ਪੁਲਿਸ ਅਤੇ ਪ੍ਰਸ਼ਾਸਨ ਸਾਰੇ ਇਨਸਾਫ਼ ਦਿਵਾਉਣ ਲਈ ਕੋਸ਼ਿਸ਼ ਕਰ ਰਹੇ ਹਨ। ਜ਼ਿਲ੍ਹੇ ਅਤੇ ਬਾਹਰ ਤੋਂ ਆਉਣ ਵਾਲੇ ਆਮ ਲੋਕ ਪ੍ਰਤੀਨਿਧੀ ਅਤੇ ਆਮ ਲੋਕ ਦਿਲਾਸਾ ਦਿੰਦੇ ਹੋਏ ਕਿਰਪਾ ਕਰ ਕੇ ਸੰਜਮ ਰੱਖਣ।’’
ਚਿੱਠੀ ਵਿਚ ਲਿਖਿਆ ਗਿਆ ਹੈ, “ਸਾਰੇ ਸਿੱਖ ਭਰਾਵਾਂ ਅਤੇ ਭੈਣਾਂ ਦਾ ਧਨਵਾਦ ਕਿ ਉਨ੍ਹਾਂ ਨੇ ਅਪਣੀ ਸੰਜਮ ਨਾਲ ਸਰਕਾਰ ਅਤੇ ਪ੍ਰਸ਼ਾਸਨ ਦਾ ਸਾਥ ਦਿਤਾ, ਜਿਸ ਨਾਲ ਸ਼ਾਂਤੀ ਅਤੇ ਖ਼ੁਸ਼ੀ ਦਾ ਮਾਹੌਲ ਪੈਦਾ ਹੋਇਆ ਹੈ।’’ ਬਹਰਾਇਚ ਗੁਰਦੁਆਰੇ ਦੇ ਮੁੱਖ ਗ੍ਰੰਥੀ ਗਿਆਨੀ ਵਿਕਰਮ ਸਿੰਘ ਨੇ ਕਿਹਾ, “ਸਾਡੀ ਭਾਸ਼ਾ ਵਿਚ ਸਾਡੇ ਨਾਲ ਜੁੜਨਾ ਯਕੀਨੀ ਤੌਰ ’ਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਇਕ ਚੰਗਾ ਸੰਦੇਸ਼ ਹੈ।’’ (ਏਜੰਸੀ)