
ਪੁਲਿਸ ਨੇ 4 ਹਵਾਲਾਤੀਆਂ ਸਮੇਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਫਿਰੋਜ਼ਪੁਰ: ਪੰਜਾਬ ਦੀਆਂ ਜੇਲ੍ਹਾਂ ਵਿਚ ਲਗਾਤਾਰ ਮੋਬਾਈਲ ਫੋਨ ਬਰਾਮਦ ਹੋ ਰਹੇ ਹਨ ਪਰ ਜੇਲ੍ਹ ਅੰਦਰ ਮੋਬਾਈਲ ਕਿਵੇਂ ਜਾ ਰਹੇ ਹਨ ਇਹ ਵੱਡਾ ਸਵਾਲ ਹੈ? ਫਿਰੋਜ਼ਪੁਰ ਦੀ ਕੇਂਦਰੀ ਜੇਲ 'ਚ ਤਲਾਸ਼ੀ ਮੁਹਿੰਮ ਦੌਰਾਨ ਪੁਲਿਸ ਨੇ 13 ਮੋਬਾਇਲ ਫੋਨ ਬਰਾਮਦ ਕੀਤੇ ਹਨ।
ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ 'ਚ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ 'ਚ ਸ਼ਾਮਲ ਗੈਂਗਸਟਰ ਮਨਪ੍ਰੀਤ ਸਿੰਘ ਉਰਫ਼ ਮੰਨਾ ਕੋਲੋਂ 2 ਮੋਬਾਈਲ ਬਰਾਮਦ ਹੋਏ। ਪੁਲਿਸ ਨੇ 4 ਹਵਾਲਾਤੀਆਂ ਸਮੇਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਜਦੋਂ ਗੈਂਗਸਟਰ ਮੰਨਾ ਕੋਲੋਂ ਪੁਲਿਸ ਨੇ ਮੋਬਾਈਲ ਫੜਿਆ ਤਾਂ ਉਹ ਜੇਲ੍ਹ ਦੀਆਂ ਕੰਧਾਂ ਨਾਲ ਸਿਰ 'ਤੇ ਮਾਰਨ ਲੱਗਿਆ। ਮੰਨਾ ਨੇ ਖੁਦ ਨੂੰ ਜ਼ਖਮੀ ਕਰ ਲਿਆ। ਮੋਬਾਈਲ ਫੜੇ ਜਾਣ ਤੋਂ ਬਾਅਦ ਗੁੱਸੇ ਵਿਚ ਆਏ ਗੈਂਗਸਟਰ ਨੂੰ ਜਦੋਂ ਜੇਲ੍ਹ ਪ੍ਰਸ਼ਾਸਨ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਅਧਿਕਾਰੀਆਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ।
ਜੇਲ੍ਹ ਪ੍ਰਸ਼ਾਸਨ ਨੇ ਕਾਰਵਾਈ ਕਰਦੇ ਹੋਏ ਮੰਨਾ ਖਿਲਾਫ ਆਈਪੀਸੀ ਦੀ ਧਾਰਾ 506/186 ਅਤੇ 52-ਏ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਉਧਰ ਮਨਪ੍ਰੀਤ ਮੰਨਾ ਦੇ ਨਾਮ ‘ਤੇ ਇਕ ਵਿਅਕਤੀ ਕੋਲੋਂ ਰੰਗਦਾਰੀ ਵੀ ਮੰਗੀ ਗਈ। ਤਲਵੰਡੀ ਸਾਬੋ ਦੇ ਇਕ ਵਿਅਕਤੀ ਨੂੰ ਧਮਕੀ ਭਰਿਆ ਆਇਆ ਫੋਨ ਅਤੇ ਫੋਨ ਕਰਨ ਵਾਲੇ ਨੇ ਮੰਨਾ ਦੇ ਨਾਂ ‘ਤੇ 10 ਲੱਖ ਦੀ ਰੰਗਦਾਰੀ ਵੀ ਮੰਗੀ।