
ਐੱਸ. ਆਈ. ਟੀ. ਨੂੰ ਸੁਖਪਾਲ ਸਿੰਘ ਖਹਿਰਾ ਖ਼ਿਲਾਫ਼ ਸਬੂਤ ਮਿਲੇ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਜਲਾਲਾਬਾਦ - ਨਸ਼ਾ ਤਸਕਰੀ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਖ਼ਤਮ ਹੋਣ ਤੋਂ ਬਾਅਦ ਜਲਾਲਾਬਾਦ ਪੁਲਿਸ ਨੇ ਅੱਜ ਮੁੜ ਤੋਂ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ ਸੁਖਪਾਲ ਖਹਿਰਾ ਨੂੰ ਮੁੜ ਦੋ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਪੁਲਿਸ ਖਹਿਰਾ ਨੂੰ ਨਾਭਾ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਆਈ ਸੀ। ਪੁਲਿਸ ਵੱਲੋਂ ਰਿਵੀਜ਼ਨ ਪਟੀਸ਼ਨ ਪਾਈ ਗਈ ਸੀ।
ਇਸ ਦੇ ਨਾਲ ਹੀ ਐੱਸ. ਆਈ. ਟੀ. ਨੂੰ ਸੁਖਪਾਲ ਸਿੰਘ ਖਹਿਰਾ ਖ਼ਿਲਾਫ਼ ਸਬੂਤ ਮਿਲੇ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਐੱਸ. ਆਈ. ਟੀ. ਨੂੰ ਸਬੂਤ ਮਿਲੇ ਹਨ, ਜੋ ਸੁਖਪਾਲ ਸਿੰਘ ਖਹਿਰਾ ਅਤੇ ਨਸ਼ਾ ਤਸਕਰ ਗੁਰਦੇਵ ਸਿੰਘ ਦੇ ਸੰਬੰਧਾਂ ਦਾ ਪਰਦਾਫਾਸ਼ ਕਰਦੇ ਹਨ।
ਖਹਿਰਾ ਨੇ ਗੁਰਦੇਵ ਸਿੰਘ ਦੀ ਮਦਦ ਲਈ ਫਰੀਦਕੋਟ ਦੇ ਆਈਜੀ ਅਤੇ ਫਿਰੋਜ਼ਪੁਰ ਦੇ ਡੀ. ਆਈ. ਜੀ. ਨੂੰ ਫੋਨ ਕੀਤੇ ਸਨ। ਇਹੀ ਕਾਰਨ ਹੈ ਕਿ ਪੁਲਿਸ ਖਹਿਰਾ ਦੇ ਤਿੰਨੋਂ ਫ਼ੋਨ ਬਰਾਮਦ ਕਰਨਾ ਚਾਹੁੰਦੀ ਹੈ ਅਤੇ ਪੁਲਿਸ ਨੇ ਪਿਛਲੀ ਪੇਸ਼ੀ 'ਚ ਇਸ ਦੇ ਆਧਾਰ 'ਤੇ ਰਿਮਾਂਡ ਵੀ ਹਾਸਲ ਕੀਤਾ ਸੀ ਅਤੇ ਹੁਣ ਇਕ ਵਾਰ ਫਿਰ ਤੋਂ ਖਹਿਰਾ ਨੂੰ 2 ਦਿਨ ਦੇ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ।