
ਬੰਗਲਾਦੇਸ਼ੀ ਘੁਸਪੈਠੀਆਂ ਨੂੰ ਬੁੱਧਵਾਰ ਸਵੇਰੇ ਕੀਤਾ ਸੀ ਗ੍ਰਿਫਤਾਰ
Assam CM Himanta Biswa Sarma : ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਕਿਹਾ ਹੈ ਕਿ ਆਸਾਮ ਪੁਲਿਸ ਨੇ ਸੀਮਾ ਸੁਰੱਖਿਆ ਬਲ (ਬੀਐਸਐਫ) ਨਾਲ ਮਿਲ ਕੇ ਪਿਛਲੇ ਦੋ ਮਹੀਨਿਆਂ ਵਿੱਚ ਆਸਾਮ ਵਿੱਚ ਘੱਟੋ-ਘੱਟ 128 ਬੰਗਲਾਦੇਸ਼ੀ ਘੁਸਪੈਠੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜ ਦਿੱਤਾ ਹੈ। ਸਰਮਾ ਨੇ ਬੁੱਧਵਾਰ ਨੂੰ ਟਵਿੱਟਰ 'ਤੇ ਲਿਖਿਆ, "ਪਿਛਲੇ 2 ਮਹੀਨਿਆਂ ਵਿੱਚ 128 ਬੰਗਲਾਦੇਸ਼ੀਆਂ ਨੂੰ ਵਾਪਸ ਭੇਜਿਆ ਗਿਆ ਹੈ। ਭਾਰਤ-ਬੰਗਲਾਦੇਸ਼ ਸਰਹੱਦ 'ਤੇ ਸਖਤ ਚੌਕਸੀ ਰੱਖਦੇ ਹੋਏ ਆਸਾਮ ਪੁਲਿਸ ਨੇ ਸਰਹੱਦ ਪਾਰੋਂ 128 ਘੁਸਪੈਠੀਆਂ ਨੂੰ ਵਾਪਸ ਭੇਜਿਆ ਹੈ।
ਸਰਮਾ ਦੇ ਅਨੁਸਾਰ ਬੰਗਲਾਦੇਸ਼ੀ ਘੁਸਪੈਠੀਆਂ ਨੂੰ ਬੁੱਧਵਾਰ ਤੜਕੇ ਗ੍ਰਿਫਤਾਰ ਕੀਤਾ ਗਿਆ , ਜਿਨ੍ਹਾਂ ਦੀ ਪਛਾਣ ਬਾਬੁਲ ਹੁਸੈਨ ਅਤੇ ਸਾਕਿਬ ਮੀਆਂ ਵਜੋਂ ਹੋਈ ਸੀ ਅਤੇ ਉਨ੍ਹਾਂ ਨੂੰ ਤੁਰੰਤ ਵਾਪਸ ਭੇਜ ਦਿੱਤਾ ਗਿਆ ਹੈ। ਮੁੱਖ ਮੰਤਰੀ 5 ਅਗਸਤ ਤੋਂ ਬੰਗਲਾਦੇਸ਼ੀ ਘੁਸਪੈਠੀਆਂ ਦੀ ਗ੍ਰਿਫਤਾਰੀ ਬਾਰੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕਰ ਰਹੇ ਸਨ।
ਉਨ੍ਹਾਂ ਮੁਤਾਬਕ ਇਨ੍ਹਾਂ ਵਿੱਚੋਂ ਕਈਆਂ ਕੋਲ ਆਧਾਰ ਕਾਰਡ ਸਮੇਤ ਭਾਰਤੀ ਦਸਤਾਵੇਜ਼ ਸਨ। ਜਾਣਕਾਰੀ ਮੁਤਾਬਕ ਸਤੰਬਰ 'ਚ ਹੀ ਅਸਾਮ 'ਚ 60 ਤੋਂ ਵੱਧ ਬੰਗਲਾਦੇਸ਼ੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। 27 ਸਤੰਬਰ ਨੂੰ 8 ਨਾਬਾਲਗਾਂ ਸਮੇਤ ਘੱਟੋ-ਘੱਟ 17 ਬੰਗਲਾਦੇਸ਼ੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਇਹ ਪਿਛਲੇ ਦੋ ਮਹੀਨਿਆਂ ਵਿੱਚ ਗੈਰ-ਕਾਨੂੰਨੀ ਵਿਦੇਸ਼ੀਆਂ ਦੀ ਇੱਕ ਦਿਨ ਦੀ ਸਭ ਤੋਂ ਵੱਧ ਨਜ਼ਰਬੰਦੀ ਸੀ।
1 ਅਕਤੂਬਰ ਨੂੰ ਅਸਾਮ ਪੁਲਿਸ ਨੇ ਦੱਖਣੀ ਸਲਮਾਰਾ ਅਤੇ ਕਰੀਮਗੰਜ ਵਿੱਚ ਦੋ ਵੱਖ-ਵੱਖ ਅਪਰੇਸ਼ਨਾਂ ਨੂੰ ਅੰਜਾਮ ਦਿੱਤਾ ਅਤੇ 14 ਬੰਗਲਾਦੇਸ਼ੀ ਘੁਸਪੈਠੀਆਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਵਿੱਚੋਂ 9 ਕੋਲੋਂ ਭਾਰਤੀ ਆਧਾਰ ਕਾਰਡ ਪਾਏ ਗਏ। ਮੁੱਖ ਮੰਤਰੀ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਗ਼ੈਰ-ਕਾਨੂੰਨੀ ਪਰਵਾਸੀਆਂ ਵਿੱਚੋਂ ਕੋਈ ਵੀ ਹਿੰਦੂ ਨਹੀਂ ਸੀ।