
ਸਾਬਕਾ ਅਕਾਲੀ ਵਿਧਾਇਕ ਵਲੋਂ ਪੁਲਿਸੀਆ ਕਾਰਵਾਈ ਜਾਇਜ਼ ਕਰਾਰ!
ਕੋਟਕਪੂਰਾ : ਕੋਟਕਪੂਰੇ ਅਤੇ ਬਹਿਬਲ ਵਿਖੇ ਬੇਅਦਬੀ ਕਾਂਡ ਤੋਂ ਬਾਅਦ ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਉੱਪਰ ਪੁਲਿਸ ਵਲੋਂ ਚਲਾਈ ਗਈ ਗੋਲੀ ਦੀ ਘਟਨਾ ਦੀ ਜਾਂਚ ਕਰਨ ਲਈ ਕੈਪਟਨ ਸਰਕਾਰ ਵਲੋਂ ਗਠਿਤ ਕੀਤੀ ਐਸਆਈਟੀ (ਵਿਸ਼ੇਸ਼ ਜਾਂਚ ਟੀਮ) ਅੱਗੇ ਅੱਜ ਹਰਜੀਤ ਸਿੰਘ ਸੰਧੂ ਐਸਡੀਐਮ, ਬਲਜੀਤ ਸਿੰਘ ਸਿੱਧੂ ਐਸਪੀਐਚ ਫ਼ਿਰੋਜ਼ਪੁਰ ਅਤੇ ਕੋਟਕਪੂਰੇ ਤੋਂ ਸਾਬਕਾ ਅਕਾਲੀ ਵਿਧਾਇਕ ਮਨਤਾਰ ਸਿੰਘ ਬਰਾੜ ਪੇਸ਼ ਹੋਏ। ਐਸਆਈਟੀ ਦੇ ਮੈਂਬਰ ਆਈ.ਜੀ. ਕੁੰਵਰਵਿਜੈ ਪ੍ਰਤਾਪ ਸਿੰਘ ਨੇ ਉਕਤ ਵਿਅਕਤੀਆਂ ਨੂੰ ਪਿਛਲੇ ਦਿਨੀਂ 1 ਨਵੰਬਰ ਨੂੰ ਜਾਂਚ ਟੀਮ ਮੂਹਰੇ ਪੇਸ਼ ਹੋਣ ਦਾ ਪ੍ਰਵਾਨਾ ਭੇਜਿਆ ਸੀ
ਪਰ ਉਸ ਵੇਲੇ ਉਹ ਪੇਸ਼ ਨਹੀਂ ਸਨ ਹੋਏ। 14 ਅਕਤੂਬਰ 2015 ਨੂੰ ਕੋਟਕਪੂਰੇ ਦੇ ਬੱਤੀਆਂ ਵਾਲੇ ਚੌਕ 'ਚ ਵਾਪਰੀ ਗੋਲੀਕਾਂਡ ਦੀ ਘਟਨਾ ਮੌਕੇ ਹਰਜੀਤ ਸਿੰਘ ਸੰਧੂ ਕੋਟਕਪੂਰੇ 'ਚ ਬਤੌਰ ਐਸਡੀਐਮ ਅਤੇ ਬਲਜੀਤ ਸਿੰਘ ਸਿੱਧੂ ਬਤੌਰ ਡੀਐਸਪੀ ਤੈਨਾਤ ਸਨ ਜਦਕਿ ਮਨਤਾਰ ਸਿੰਘ ਬਰਾੜ ਉਸ ਸਮੇਂ ਅਕਾਲੀ ਦਲ ਦੀ ਸਰਕਾਰ 'ਚ ਮੁੱਖ ਪਾਰਲੀਮਾਨੀ ਸਕੱਤਰ ਦੇ ਅਹੁਦੇ 'ਤੇ ਤੈਨਾਤ ਹੋਣ ਦੇ ਨਾਲ-ਨਾਲ ਹਲਕਾ ਕੋਟਕਪੂਰਾ ਦੀ ਨੁਮਾਇੰਦਗੀ ਵੀ ਕਰਦੇ ਸਨ। ਸੰਪਰਕ ਕਰਨ 'ਤੇ ਆਈ.ਜੀ. ਕੁੰਵਰਵਿਜੈ ਪ੍ਰਤਾਪ ਸਿੰਘ ਨੇ ਉਕਤ ਵਿਅਕਤੀਆਂ ਦੇ ਜਾਂਚ ਟੀਮ ਅੱਗੇ ਪੇਸ਼ ਹੋਣ, ਬਿਆਨ ਕਲਮਬੰਦ ਕਰਾਉਣ ਅਤੇ ਸਵਾਲ-ਜਵਾਬ ਕਰਨ ਦੀ ਪੁਸ਼ਟੀ ਤਾਂ ਕੀਤੀ
SDM Harjeet Singh Sandhu And SPH Baljit Singh Sidhu
ਪਰ ਇਸ ਤੋਂ ਜ਼ਿਆਦਾ ਹੋਰ ਕੁੱਝ ਦੱਸਣ ਤੋਂ ਇਨਕਾਰ ਕਰ ਦਿਤਾ। ਹੁਣ ਤਕ ਭਾਈ ਪੰਥਪ੍ਰੀਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਸਮੇਤ 50 ਦੇ ਕਰੀਬ ਪੀੜਤਾਂ ਵਲੋਂ ਆਪਣੇ ਬਿਆਨ ਦਰਜ ਕਰਵਾਏ ਜਾ ਚੁੱਕੇ ਹਨ। ਸੰਮਨ ਕਰਨ ਦੇ ਬਾਵਜੂਦ ਜੇ ਕੋਈ ਪੀੜਤ ਐਸਆਈਟੀ ਮੂਹਰੇ ਪੇਸ਼ ਨਹੀਂ ਹੁੰਦਾ ਤਾਂ ਟੀਮ ਦੇ ਕੁੱਝ ਮੈਂਬਰ ਖ਼ੁਦ ਉਕਤ ਪੀੜਤ ਦੇ ਘਰ ਜਾ ਕੇ ਬਿਆਨ ਕਲਮਬੰਦ ਕਰਦੇ ਹਨ।
ਅਪਣੇ ਬਿਆਨ ਦਰਜ ਕਰਾਉਣ ਤੋਂ ਬਾਅਦ ਹਰਜੀਤ ਸਿੰਘ ਸੰਧੂ ਅਤੇ ਬਲਜੀਤ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲ ਕਰਨ ਦੀ ਜ਼ਰੂਰਤ ਹੀ ਨਾ ਸਮਝੀ ਜਦਕਿ ਮਨਤਾਰ ਸਿੰਘ ਬਰਾੜ ਨੇ 14 ਅਕਤੂਬਰ 2015 ਨੂੰ ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਉਪਰ ਢਾਹੇ ਗਏ ਪੁਲਿਸੀਆ ਅਤਿਆਚਾਰ ਨੂੰ ਜਾਇਜ਼ ਠਹਿਰਾ ਦਿਤਾ।
ਕੀ ਕਹਿਣਾ ਹੈ ਮਨਤਾਰ ਬਰਾੜ ਦਾ : ਬਿਆਨ ਦਰਜ ਕਰਾਉਣ ਤੋਂ ਬਾਅਦ ਕੁੱਝ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਨੇ ਪੁਲਿਸ ਦੀ ਕਾਰਵਾਈ ਨੂੰ ਜਾਇਜ਼ ਠਹਿਰਾਉਂਦਿਆਂ ਆਖਿਆ ਕਿ ਬਾਦਲ ਸਰਕਾਰ ਉਕਤ ਧਰਨੇ ਨੂੰ ਸ਼ਾਂਤਮਈ ਤਰੀਕੇ ਨਾਲ ਖ਼ਤਮ ਕਰਵਾਉਣਾ ਚਾਹੁੰਦੀ ਸੀ ਪਰ ਕੁੱਝ ਸ਼ਰਾਰਤੀ ਅਨਸਰਾਂ ਕਰ ਕੇ ਹੀ ਪੁਲਿਸ ਨੂੰ ਸਖ਼ਤੀ ਵਰਤਣੀ ਪਈ।