
ਕੇਂਦਰ ਪੰਜਾਬ ਨਾਲ ਵਿਤਕਰਾ ਕਰ ਰਿਹੈ: ਹਰੀਸ਼ ਰਾਵਤ
ਕੇਂਦਰ ਅਤੇ ਰੇਲ ਵਿਭਾਗ ਰੇਲਾਂ ਪੰਜਾਬ ਭੇਜਣ ਲਈ ਬਹਾਨੇਬਾਜ਼ੀ ਕਰ ਰਿਹੈ
ਦੋਰਾਹਾ, 9 ਨਵੰਬਰ (ਪ.ਪ.) : ਸਮੁੱਚੀ ਕਾਂਗਰਸ ਪਾਰਟੀ ਖੇਤੀ ਆਰਡੀਨੈਸਾਂ ਵਿਰੁਧ ਹੈ ਅਤੇ ਦੇਸ਼ ਦੇ ਕਿਸਾਨਾਂ ਨਾਲ ਖੜੀ ਹੈ। ਇਹ ਗੱਲ ਅੱਜ ਦੋਰਾਹਾ ਵਿਚ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਬੁੱਤ 'ਤੇ ਫੁੱਲ ਭੇਟ ਕਰ ਕੇ ਸ਼ਰਧਾਂਜਲੀ ਦੇਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ। ਉਹ ਦੋ ਦਿਨਾਂ ਦੌਰੇ 'ਤੇ ਅੱਜ ਹੀ ਪੰਜਾਬ ਆਏ ਹਨ।
ਸ਼੍ਰੀ ਰਾਵਤ ਨੇ ਆਸ ਪ੍ਰਗਟਾਈ ਕਿ ਕੇਂਦਰ ਸਰਕਾਰ ਜਲਦੀ ਹੀ ਕਿਸਾਨੀ ਵਫ਼ਦ ਨਾਲ ਗੱਲਬਾਤ ਕਰ ਕੇ ਖੇਤੀ ਆਰਡੀਨੈਂਸਾਂ ਦੇ ਮਸਲੇ ਨੂੰ ਸੁਲਝਾਏਗੀ। ਉਨ੍ਹਾਂ ਕਿਸਾਨ ਜਥੇਬੰਦੀਆਂ ਦਾ ਧਨਵਾਦ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਮੰਨਦਿਆਂ ਕਿਸਾਨਾਂ ਨੇ ਰੇਲਵੇ ਟਰੈਕ ਖ਼ਾਲੀ ਕੀਤੇ ਹਨ ਤੇ ਪੰਜਾਬ ਸਰਕਾਰ ਵੀ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਉਨ੍ਹਾਂ ਇਸ ਗੱਲ 'ਤੇ ਦੁੱਖ ਪ੍ਰਗਟ ਕੀਤਾ ਕਿ ਰੇਲਵੇ ਟਰੈਕ ਖ਼ਾਲੀ ਹੋਣ ਦੇ ਬਾਵਜੂਦ ਕੇਂਦਰ ਅਤੇ ਰੇਲਵੇ ਵਿਭਾਗ ਰੇਲਾਂ ਪੰਜਾਬ ਭੇਜਣ ਸਬੰਧੀ ਬਹਾਨੇਬਾਜ਼ੀ ਕਰ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਕੂਲ ਕਰ ਰਹੀ ਹੈ ਜੋ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਗੁਰਦਵਾਰਾ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਨਾ ਖੋਲ੍ਹੇ ਜਾਣ 'ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇਕ ਸਾਲ ਤੋਂ ਸਰਕਾਰ ਕੋਈ ਨਾ ਕੋਈ ਬਹਾਨਾ ਬਣਾ ਕੇ ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਨਾਲ ਖੇਡ ਰਹੀ ਹੈ।
ਪੰਜਾਬ ਸਰਕਾਰ ਵਿਚ ਰੱਦੋਬਦਲ ਸਬੰਧੀ ਪੁੱਛੇ ਜਾਣ 'ਤੇ ਸ਼੍ਰੀ ਰਾਵਤ ਨੇ ਕਿਹਾ ਕਿ ਪੰਜਾਬ ਕਾਂਗਰਸ ਤੇ ਸਰਕਾਰ ਵਿਚ ਸੱਭ ਕੁੱਝ ਠੀਕ ਹੈ ਤੇ ਪਾਰਟੀ ਅੰਦਰ ਰਹਿੰਦੇ ਮਸਲੇ ਅਗਲੇ ਦਿਨਾਂ ਵਿਚ ਸੁਲਝ ਜਾਣਗੇ। ਇਸ ਮੌਕੇ ਡਾ.ਅਮਰ ਸਿੰਘ ਮੈਂਬਰ ਲੋਕ ਸਭਾ, ਹਲਕਾ ਪਾਇਲ ਦੇ ਵਿਧਾਇਕ ਲਖਬੀਰ ਸਿੰਘ ਲੱਖਾ, ਵਿਧਾਇਕ ਅਮਰੀਕ ਸਿੰਘ ਢਿੱਲੋਂ ਸਮਰਾਲਾ, ਚੇਅਰਮੈਨ ਬੰਤ ਸਿੰਘ ਦੋਬੁਰਜੀ, ਯਾਦਵਿੰਦਰ ਸਿੰਘ ਜੰਡਾਲੀ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਚੇਅਰਮੈਨ ਰਾਜਵਿੰਦਰ ਸਿੰਘ ਬੇਗੋਵਾਲ, ਗੁਰਦੀ ਸਿੰਘ ਰਸੂਲੜਾ ਚੇਅਰਮੈਨ ਮਾਰਕੀਟ ਕਮੇਟੀ ਖੰਨਾ ਆਦਿ ਹਾਜ਼ਰ ਸਨ।