
ਲੜਕੀਆਂ ਦਾ ਜੀਵਨ ਰੌਸ਼ਨ ਕਰਨ ਵਾਲੀ ਬੀਬੀ ਪ੍ਰਕਾਸ਼ ਕੌਰ ਦਾ ਪਦਮਸ਼੍ਰੀ ਐਵਾਰਡ ਨਾਲ ਸਨਮਾਨ
ਜਲੰਧਰ, 9 ਨਵੰਬਰ (ਨਿਰਮਲ ਸਿੰਘ, ਵਰਿੰਦਰ ਸ਼ਰਮਾਂ) : ਬੀਬੀ ਪ੍ਰਕਾਸ਼ ਕੌਰ ਅੱਜ ਜਲੰਧਰ ਹੀ ਨਹੀਂ ਬਲਕਿ ਪੂਰੇ ਪੰਜਾਬ ਦਾ ਨਾਂ ਰੋਸ਼ਨ ਕਰਨਗੇ। ਉਨ੍ਹਾਂ ਨੂੰ ਅੱਜ ਰਾਸ਼ਟਰਪਤੀ ਰਾਮਨਾਥ ਕੋਵਿੰਦ ਸਮਾਜ ਸੇਵਾ ਤੇ ਅਨਾਥ ਬੱਚਿਆਂ ਦਾ ਭਵਿੱਖ ਸੰਵਾਰਨ ਲਈ ਪਦਮਸ਼੍ਰੀ ਅਵਾਰਡ ਨਾਲ ਸਨਮਾਨਿਤ ਕੀਤਾ। ਉਹ ਅਨਾਥ ਬੱਚਿਆਂ ਨੂੰ ਅਪਣਾਉਂਦੇ ਹਨ ਤੇ ਉਨ੍ਹਾਂ ’ਤੇ ਮਾਂ ਦੀ ਮਮਤਾ ਲੁਟਾਉਂਦੇ ਹਨ। ਸਮਾਜ ’ਚ ਲੜਕੀਆਂ ਨਾਲ ਦੁਰਵਿਹਾਰ ਤੇ ਅੱਤਿਆਚਾਰ ਨੂੰ ਜੜ੍ਹੋਂ ਖ਼ਤਮ ਕਰਨ ’ਚ ਲੱਗੇ ਬੀਬੀ ਪ੍ਰਕਾਸ਼ ਕੌਰ ਦੋ ਦਹਾਕਿਆਂ ਤੋਂ ਜ਼ਿਆਦਾ ਸਮੇਂ ਤੋਂ ਯੂਨੀਕ ਹੋਮ ਚਲਾ ਰਹੇ ਹਨ। ਇਸ ’ਚ ਮਾਪਿਆਂ ਵਲੋਂ ਠੁਕਰਾਈਆਂ ਤੇ ਸੜਕਾਂ ਤੋਂ ਮਿਲੀਆਂ ਕੁੜੀਆਂ ਨੂੰ ਅਪਣੇ ਕੋਲ ਰਖਦੇ ਹਨ ਤੇ ਉਨ੍ਹਾਂ ਦਾ ਪਾਲਣ-ਪੋਸ਼ਣ ਤੋਂ ਲੈ ਕੇ ਪੜ੍ਹਾਈ ਤਕ ਦੀ ਪੂਰੀ ਸੇਵਾ ਕਰਦੇ ਹਨ।
ਯੂਨੀਕ ਹੋਮ ’ਚ ਰਹਿ ਰਹੀਆਂ ਬੱਚੀਆਂ ਦਾ ਉਹ ਅਪਣੀਆਂ ਧੀਆਂ ਵਾਂਗ ਧਿਆਨ ਰਖਦੇ ਹਨ ਤੇ ਉਨ੍ਹਾਂ ਦੇ ਵਿਆਹ ਵੀ ਖ਼ੁਦ ਕਰਵਾਉਂਦੇ ਹਨ। ਕਈ ਵਾਰ ਮਾਪੇ ਖ਼ੁਦ ਹੀ ਨੰਨ੍ਹੀਆਂ ਬੱਚੀਆਂ ਨੂੰ ਯੂਨੀਕ ਹੋਮ ਛੱਡ ਜਾਂਦੇ ਹਨ। ਇਸ ਤਰ੍ਹਾਂ ਨਾਲ ਬੱਚੀਆਂ ਤੋਂ ਮਾਪਿਆਂ ਦਾ ਮੂੰਹ ਫੇਰਨਾ ਤੇ ਉਨ੍ਹਾਂ ਨੂੰ ਇਕੱਲਿਆਂ ਛੱਡ ਜਾਣਾ ਬੀਬੀ ਪ੍ਰਕਾਸ਼ ਕੌਰ ਨੂੰ ਬਹੁਤ ਦੁਖ ਪਹੁੰਚਾਉਂਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਧੀਆਂ ਨੂੰ ਇੰਝ ਸੁੱਟੋ ਨਾ ਮੈਨੂੰ ਦੇ ਜਾਵੋ। ਉਨ੍ਹਾਂ ਦੀ ਇਹੀ ਸੋਚ ਤੇ ਸਮਾਜ ਪ੍ਰਤੀ ਪਿਆਰ ਤੇ ਕੁੜੀਆਂ ਪ੍ਰਤੀ ਸਨੇਹ ਨੂੰ ਵੇਖਦੇ ਹੋਏ ਅੱਜ ਉਨ੍ਹਾਂ ਨੂੰ ਐਵਾਰਡ ਨਾਲ ਸਨਮਾਨਤ ਕੀਤਾ ਜਾਵੇਗਾ। ਬੱਚੀਆਂ ਦੇ ਹਾਲਾਤ ਸੁਧਾਰਨ ਤੇ ਉਨ੍ਹਾਂ ਨੂੰ ਨਵੀਂ ਦਿਸ਼ਾ ਦੇਣ ’ਚ ਲੱਗੇ ਬੀਬੀ ਪ੍ਰਕਾਸ਼ ਕੌਰ ਨੂੰ ਪਹਿਲਾਂ ਵੀ ਕਈ ਵਾਰ ਸਨਮਾਨਤ ਕੀਤਾ ਜਾ ਚੁੱਕਿਆ ਹੈ। ਰਿਲਾਇੰਸ ਗਰੁੱਪ ਦੀ ਨੀਤਾ ਅੰਬਾਨੀ ਉਨ੍ਹਾਂ ਨੂੰ ਰਿਅਲ ਹੀਰੋ ਦੇ ਐਵਾਰਡ ਨਾਲ ਸਨਮਾਨਤ ਕਰ ਚੁੱਕੀ ਹੈ। ਇਥੋਂ ਤਕ ਕਿ ਕੈਨੇਡਾ ਦੇ ਰਖਿਆ ਮੰਤਰੀ ਹਰਜੀਤ ਸਿੰਘ ਸੱਜਣ ਵੀ ਯੂਨੀਕ ਹੋਮ ’ਚ ਆ ਚੁੱਕੇ ਹਨ ਤੇ ਉਨ੍ਹਾਂ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰ ਚੁੱਕੇ ਹਨ। ਪਹਿਲਾਂ ਉਨ੍ਹਾਂ ਅਵਤਾਰ ਨਗਰ ’ਚ ਮਾਡਲ ਹਾਊਸ ਰੋਡ ’ਤੇ ਯੂਨੀਕ ਹੋਮ ਨਾਮਕ ਸੰਸਥਾ ਬਣਾ ਕੇ ਅਨਾਥ ਬੱਚੀਆਂ ਨੂੰ ਅਪਣਾਉਣਾ ਸ਼ੁਰੂ ਕੀਤਾ ਸੀ। ਉਸ ਤੋਂ ਬਾਅਦ ਹੋਲੀ-ਹੋਲੀ ਉਨ੍ਹਾਂ ਕੋਲ ਅਨਾਥ ਬੱਚੀਆਂ ਦੀ ਗਿਣਤੀ ਵੱਧ ਗਈ।
ਉਨ੍ਹਾਂ ਦੀ ਸੇਵਾ ਭਾਵਨਾ ਨੂੰ ਵੇਖਦੇ ਹੋਏ ਦੇਸ਼-ਵਿਦੇਸ਼ਾਂ ਦੀਆਂ ਸੰਸਥਾਵਾਂ ਵਲੋਂ ਆਰਥਕ ਸਹਾਇਤਾ ਵੀ ਆਉਣ ਲੱਗੀ। ਫਿਰ ਪ੍ਰਕਾਸ਼ ਕੌਰ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ। ਇਸ ਤੋਂ ਬਾਅਦ ਉਨ੍ਹਾਂ ਨੇ ਨਕੋਦਰ ਰੋਡ ’ਤੇ ਵੀ ਨਵੇਂ ਸਿਰਿਉਂ ਯੂਨੀਕ ਹੋਮ ਦਾ ਨਿਰਮਾਣ ਕਰਵਾ ਲਿਆ ਹੈ।