
ਪੋਸਟਮਾਰਟਮ ਰਿਪੋਰਟ ਦੇ ਅਧਾਰ ’ਤੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਦਸੂਹਾ: ਹੁਸ਼ਿਆਰਪੂਰ ਦੇ ਦਸੂਹਾ ਨਜ਼ਦੀਕ ਪੈਂਦੇ ਪਿੰਡ ਦੋਲੋਵਾਲ ਵਿਖੇ ਇਕ ਵਿਅਕਤੀ ਵਲੋਂ ਜ਼ਿੰਦਗੀ ਤੋਂ ਪਰੇਸ਼ਾਨ ਹੋ ਕੇ ਫਾਹਾ ਲੈਣ ਦਾ ਸਮਾਚਾਰ ਪ੍ਰਾਪਤ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਰਾਜਿੰਦਰ ਸਿੰਘ ਪੁੱਤਰ ਹੰਸ ਰਾਜ ਨਿਵਾਸੀ ਦੋਲੋਵਾਲ ਦੀ ਬੇਟੀ ਏਕਤਾ ਨੇ ਦਸਿਆ ਕਿ ਉਸ ਦਾ ਪਿਤਾ ਰਾਜਿੰਦਰ ਘਰ ਵਿਚ ਇੱਕਲਾ ਰਹਿੰਦਾ ਸੀ। ਅੱਜ ਸਵੇਰ ਸਾਢੇ 6 ਵਜੇ ਦੇ ਕਰੀਬ ਜਦੋਂ ਉਹ ਆਪਣੇ ਪਿਤਾ ਰਾਜਿੰਦਰ ਸਿੰਘ ਦੇ ਘਰ ਆਈ ਤਾਂ ਉਸ ਨੇ ਪਿਤਾ ਦੇ ਕਮਰੇ ਦਾ ਕੁੰਡਾ ਖੜਕਾਇਆ ਤਾਂ ਅੰਦਰੋਂ ਕੋਈ ਜਵਾਬ ਨਹੀਂ ਮਿਲਿਆ।
ਕਾਫੀ ਦੇਰ ਦਰਵਾਜਾ ਖੜਕਾਉਣ ਤੋਂ ਬਾਅਦ ਜਦ ਕੋਈ ਜਵਾਬ ਨਹੀਂ ਆਇਆ ਤਾਂ ਉਸ ਨੇ ਪਿੰਡ ਦੇ ਸਰਪੰਚ ਨੂੰ ਸੂਚਿਤ ਕੀਤਾ। ਪਿੰਡ ਦੇ ਸਰਪੰਚ ਨੇ ਤੁਰੰਤ ਇਸ ਦੀ ਜਾਣਕਾਰੀ ਦਸੂਹਾ ਪੁਲਿਸ ਨੂੰ ਦਿਤੀ। ਦਸੂਹਾ ਪੁਲਿਸ ਦੀ ਮੌਜੂਦਗੀ ਵਿਚ ਕਮਰੇ ਦਾ ਦਰਵਾਜਾ ਤੋੜਿਆ ਤਾਂ ਵੇਖਿਆ ਕਿ ਰਾਜਿੰਦਰ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ।
ਜਾਂਚ ਅਧਿਕਾਰੀ ਏਐੱਸਆਈ ਜੱਗਾ ਰਾਮ ਨੇ ਦਸਿਆ ਕਿ ਰਾਜਿੰਦਰ ਸਿੰਘ 3 ਮਹੀਨੇ ਪਹਿਲਾਂ ਹੀ ਆਪਣੀ ਪਤਨੀ ਦੇ ਕਤਲ ਕੇਸ ਵਿਚੋਂ ਜੇਲ ਤੋਂ ਆਇਆ ਸੀ ਅਤੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ। ਰਾਜਿੰਦਰ ਸਿੰਘ ਦੇ ਤਿੰਨ ਲੜਕੇ ਤੇ ਇਕ ਲੜਕੀ ਹੈ। ਮਾਂ ਦੇ ਕਤਲ ਤੋਂ ਬਾਅਦ ਬੇਟੇ ਆਪਣੇ ਪਿਤਾ ਤੋਂ ਅਲੱਗ ਰਹਿੰਦੇ ਸੀ। ਬੇਟੀ ਏਕਤਾ ਆਪਣੇ ਪਿਤਾ ਰਾਜਿੰਦਰ ਦਾ ਖਿਆਲ ਰਖਦੀ ਸੀ। ਪੁਲਿਸ ਵਲੋਂ ਰਾਜਿੰਦਰ ਦੀ ਦੇਹ ਨੂੰ ਪੋਸਟਮਾਰਟਮ ਲਈ ਦਸੂਹਾ ਦੇ ਸਿਵਲ ਹਸਪਤਾਲ ਭੇਜ ਦਿਤਾ ਗਿਆ ਹੈ। ਪੋਸਟਮਾਰਟਮ ਰਿਪੋਰਟ ਦੇ ਅਧਾਰ ’ਤੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।