
ਕਰਜ਼ੇ ਹੇਠਾਂ ਦੱਬੇ ਕਿਸਾਨ ਵੱਲੋਂ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਕਤਸਰ ਸਾਹਿਬ ਦੇ ਪਿੰਡ...
ਮੁਕਤਸਰ ਸਾਹਿਬ (ਸਸਸ) : ਕਰਜ਼ੇ ਹੇਠਾਂ ਦੱਬੇ ਕਿਸਾਨ ਵੱਲੋਂ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਕਤਸਰ ਸਾਹਿਬ ਦੇ ਪਿੰਡ ਰਾਮਗੜ ਚੂੰਘਾਂ ਦੇ ਕਿਸਾਨ ਇਕਬਾਲ ਸਿੰਘ ਨੇ ਸੋਮਵਾਰ ਸਵੇਰੇ ਜ਼ਹਿਰੀਲੀ ਦਵਾਈ ਪੀ ਕੇ ਅਪਣੀ ਜਾਨ ਦੇ ਦਿਤੀ। ਜਾਣਕਾਰੀ ਦੇ ਮੁਤਾਬਕ, ਇਕਬਾਲ ਸਿੰਘ ਨੇ ਬੈਂਕ ਤੋਂ 11 ਲੱਖ ਰੁਪਏ ਦੀ ਲਿਮਟ ਬਣਵਾਈ ਸੀ, ਪਰ ਉਹ ਕਰਜ਼ਾ ਬੈਂਕ ਨੂੰ ਵਾਪਸ ਕਰਨ ਤੋਂ ਅਸਮਰਥ ਸੀ।
ਬੈਂਕ ਮੁਲਾਜ਼ਮਾਂ ਵਲੋਂ ਵਾਰ-ਵਾਰ ਗੇੜੇ ਮਾਰਨ ਅਤੇ ਬੈਂਕ ਨੋਟਿਸਾਂ ਤੋਂ ਤੰਗ ਆਏ ਕਿਸਾਨ ਨੇ ਅਪਣੇ ਘੜ ਵਿਚ ਹੀ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸੀ ਕਰ ਲਈ। ਮਿਲੀ ਜਾਣਕਾਰੀ ਮੁਤਾਬਕ, ਮ੍ਰਿਤਕ ਕਿਸਾਨ ਦੇ ਪੁੱਤਰ ਗੁਰਸਾਰਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਕੁੱਲ 9 ਕਿੱਲੇ 6 ਕਨਾਲਾਂ ਦਾ ਰਕਬਾ ਹੈ। ਇਹ ਰਕਬਾ ਟੇਲਾਂ ‘ਤੇ ਹੋਣ ਕਰਕੇ ਨਹਿਰੀ ਪਾਣੀ ਦੀ ਬਹੁਤ ਕਮੀ ਹੈ। ਇਸ ਦੇ ਚੱਲਦਿਆਂ ਨਰਮੇ ਜਿਹੀ ਘੱਟ ਪਾਣੀ ਵਾਲੀ ਫ਼ਸਲ ਸਹੀ ਤਰ੍ਹਾਂ ਨਹੀਂ ਹੁੰਦੀ।
ਉਸ ਨੇ ਦੱਸਿਆ ਕਿ ਸਭ ਕੋਸ਼ਿਸ਼ਾਂ ਦੇ ਬਾਵਜੂਦ ਉਹ ਬੈਂਕ ਦਾ ਕਰਜ਼ਾ ਮੋੜਨ ਵਿਚ ਅਸਮਰੱਥ ਹਨ। ਪਰ ਕਾਫ਼ੀ ਸਮੇਂ ਤੋਂ ਬੈਂਕ ਮੈਨੇਜਰ ਤੇ ਫ਼ੀਲਡ ਅਫ਼ਸਰ ਉਨ੍ਹਾਂ ਦੇ ਘਰ ਲਗਾਤਾਰ ਗੇੜੇ ਮਾਰ ਕੇ ਪ੍ਰੇਸ਼ਾਨ ਕਰ ਰਹ ਸਨ। ਉਹ ਧਮਕੀ ਭਰੇ ਲਹਿਜ਼ੇ ਵਿਚ ਉਸ ਦੇ ਪਿਤਾ ਨੂੰ 13 ਲੱਖ ਰੁਪਏ ਦੀ ਰਕਮ ਚੁਕਾਉਣ ‘ਤੇ ਜ਼ੋਰ ਪਾ ਰਹੇ ਸਨ। ਕਰਜ਼ਾ ਨਾ ਮੋੜਨ ਦੀ ਸੂਰਤ ਵਿਚ ਜੇਲ੍ਹ ਭੇਜਣ ਦੀ ਗੱਲ ਕਹਿ ਰਹੇ ਸਨ। ਉਸ ਨੇ ਦੱਸਿਆ ਕਿ ਬੈਂਕ ਅਧਿਕਾਰੀਆਂ ਵਲੋਂ ਉਸ ਦੇ ਪਿਤਾ ਤੋਂ ਖ਼ਾਲੀ ਚੈੱਕ ਲਏ ਗਏ ਸਨ
ਅਤੇ ਕੇਸ ਦਰਜ ਕਰਦਿਆਂ ਉਹ ਚੈੱਕ ਅਦਾਲਤ ਦੇ ਸਾਹਮਣੇ ਪੇਸ਼ ਕਰਕੇ ਸੰਮਨ ਭੇਜੇ ਜਾ ਰਹੇ ਸਨ। ਨਾਲ ਹੀ ਗੁਰਸਾਰਜ ਨੇ ਖ਼ੁਲਾਸਾ ਕਰਦਿਆਂ ਦੱਸਿਆ ਕਿ ਉਨ੍ਹਾਂ ਵਲੋਂ ਬੈਂਕ ਵਾਲਿਆਂ ਨੂੰ ਕਿਸ਼ਤਾਂ ਵਿਚ ਕਰਜ਼ਾ ਮੋੜਨ ਦੀ ਬੇਨਤੀ ਕੀਤੀ ਗਈ ਸੀ। ਜਿਸ ਨੂੰ ਠੁਕਰਾਉਂਦੇ ਹੋਏ ਬੈਂਕ ਵਾਲਿਆਂ ਨੇ ਅਪਣੇ ਦਬਦਬਾ ਕਾਇਮ ਰੱਖਿਆ। ਇਹ ਸਭ ਕੁਝ ਸਹਿਨ ਨਾ ਕਰਦੇ ਹੋਏ ਅੱਜ ਸਵੇਰੇ ਲਗਭੱਗ 7.30 ਵਜੇ ਉਸ ਦੇ ਪਿਤਾ ਨੇ ਜ਼ਹਿਰੀਲੀ ਦਵਾਈ ਨਿਗਲ ਕੇ ਖ਼ੁਦਕੁਸ਼ੀ ਕਰ ਲਈ।
ਗੁਰਸਾਰਜ ਨੇ ਅਪਣੇ ਪਿਤਾ ਦੀ ਮੌਤ ਲਈ ਬੈਂਕ ਅਧਿਕਾਰੀਆਂ ਨੂੰ ਜ਼ਿੰਮਵਾਰ ਠਹਿਰਾਉਂਦੇ ਹੋਏ ਪੁਲਿਸ ਵਲੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ ਅਤੇ ਨਾਲ ਹੀ ਪੰਜਾਬ ਸਰਕਾਰ ਤੋਂ ਸਾਰਾ ਕਰਜ਼ਾ ਮਾਫ਼ ਕਰਨ ਦੀ ਮੰਗ ਕੀਤੀ ਹੈ। ਪੁਲਿਸ ਅਧਿਕਾਰੀ ਸਹਾਇਕ ਥਾਣੇਦਾਰ ਸੁਰਜੀਤ ਸਿੰਘ ਦਾ ਕਹਿਣਾ ਸੀ ਕਿ ਵਾਰਸਾਂ ਦੇ ਬਿਆਨਾਂ ‘ਤੇ ਧਾਰਾ 174 ਦੀ ਕਾਰਵਾਈ ਕੀਤੀ ਜਾਵੇਗੀ ਅਤੇ ਲਾਸ਼ ਦਾ ਪੋਸਟਮਾਰਟਮ ਕਰ ਕੇ ਵਾਰਸਾਂ ਨੂੰ ਸੌਂਪ ਦਿਤੀ ਜਾਵੇਗੀ।