
ਪਹਿਲੀ ਪਤਨੀ ਦੇ ਹੁੰਦੇ ਹੋਏ ਦੂਜਾ ਵਿਆਹ ਕਰਵਾਉਣਾ ਇਕ ਵਿਅਕਤੀ ਨੂੰ ਮਹਿੰਗਾ ਪੈ ਗਿਆ। ਪਹਿਲੀ ਪਤਨੀ ਦੀ ਸ਼ਿਕਾਇਤ ਉਤੇ ਪਤੀ ਨੂੰ...
ਲੁਧਿਆਣਾ (ਸਸਸ) : ਪਹਿਲੀ ਪਤਨੀ ਦੇ ਹੁੰਦੇ ਹੋਏ ਦੂਜਾ ਵਿਆਹ ਕਰਵਾਉਣਾ ਇਕ ਵਿਅਕਤੀ ਨੂੰ ਮਹਿੰਗਾ ਪੈ ਗਿਆ। ਪਹਿਲੀ ਪਤਨੀ ਦੀ ਸ਼ਿਕਾਇਤ ਉਤੇ ਪਤੀ ਨੂੰ ਜੇਲ੍ਹ ਜਾਣਾ ਪਿਆ। ਇਹ ਮਾਮਲਾ ਸ਼ਹਿਰ ਦੇ ਭਾਮੀਆਂ ਖੁਰਦ ਦਾ ਹੈ। ਇੱਥੋਂ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਪਹਿਲੀ ਪਤਨੀ ਦੇ ਰਹਿੰਦੇ ਹੋਏ ਦੂਜਾ ਵਿਆਹ ਕਰਵਾ ਲਿਆ, ਜਦੋਂ ਕਿ ਪਹਿਲੀ ਪਤਨੀ ਦੇ ਨਾਲ ਉਸ ਦਾ ਦਹੇਜ ਦਾ ਕੇਸ ਚੱਲ ਰਿਹਾ ਹੈ।
ਪੁਲਿਸ ਨੇ ਪਹਿਲੀ ਪਤਨੀ ਦੀ ਸ਼ਿਕਾਇਤ ਉਤੇ ਪਤੀ, ਸੱਸ ਅਤੇ ਸਹੁਰੇ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ ਅਤੇ ਤਿੰਨਾਂ ਨੂੰ ਜੇਲ੍ਹ ਭੇਜ ਦਿਤਾ ਗਿਆ ਹੈ। ਨੇਹਾ ਭਾਰਦਵਾਜ ਨੇ ਦੱਸਿਆ ਕਿ ਉਸ ਦਾ ਵਿਆਹ 2011 ਵਿਚ ਅਜੈ ਭਾਰਦਵਾਜ ਦੇ ਨਾਲ ਹੋਇਆ ਸੀ। ਵਿਆਹ ਤੋਂ ਪੰਜ ਸਾਲ ਬਾਅਦ ਉਸ ਨੂੰ ਰਾਤ ਬਾਰਾਂ ਵਜੇ ਘਰ ਤੋਂ ਇਹ ਕਹਿ ਕੇ ਕੱਢ ਦਿਤਾ ਗਿਆ ਸੀ ਕਿ ਉਹ ਪਾਗਲ ਹੈ। ਦੋ ਬੱਚਿਆਂ ਦੀ ਮਾਂ ਨੇਹਾ ਪਿਛਲੇ ਤਿੰਨ ਸਾਲ ਤੋਂ ਅਪਣੇ ਪੇਕੇ ਘਰ ਬੈਠੀ ਹੋਈ ਹੈ।
ਉਸ ਦੀ ਸ਼ਿਕਾਇਤ ਉਤੇ ਪਹਿਲਾਂ ਸਹੁਰੇ ਪਰਵਾਰ ਵਾਲਿਆਂ ਦੇ ਖਿਲਾਫ਼ ਦਹੇਜ ਦਾ ਮਾਮਲਾ ਦਰਜ ਹੋ ਚੁੱਕਿਆ ਹੈ। ਇਸ ਤੋਂ ਬਾਅਦ ਉਸ ਦੇ ਪਤੀ ਨੇ 2017 ਵਿਚ ਗਾਂਧੀ ਨਗਰ ਦੀ ਇਕ ਔਰਤ ਦੇ ਨਾਲ ਦੂਜਾ ਵਿਆਹ ਕਰਵਾ ਲਿਆ, ਜਦੋਂ ਕਿ ਉਸ ਨੂੰ ਤਲਾਕ ਨਹੀਂ ਦਿਤਾ ਹੈ। ਉਸ ਨੇ ਇਸ ਸਬੰਧੀ ਏਡੀਸੀਪੀ 1 ਨੂੰ ਸ਼ਿਕਾਇਤ ਜੁਲਾਈ 2018 ਵਿਚ ਦਿਤੀ ਸੀ, ਜਿਸ ਦੀ ਜਾਂਚ ਤੋਂ ਬਾਅਦ ਪਤੀ ਅਜੈ ਭਾਰਦਵਾਜ, ਸਹੁਰਾ ਦਵਿੰਦਰ ਭਾਰਦਵਾਜ ਅਤੇ ਸੱਸ ਮਧੂ ਦੇ ਖਿਲਾਫ਼ ਥਾਣਾ ਡਿਵੀਜ਼ਨ 7 ਵਿਚ ਮਾਮਲਾ ਦਰਜ ਕੀਤਾ ਗਿਆ ਹੈ।
ਜਾਂਚ ਅਧਿਕਾਰੀ ਏਐਸਆਈ ਰੇਸ਼ਮ ਸਿੰਘ ਦਾ ਕਹਿਣਾ ਹੈ ਕਿ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ, ਇੱਥੋਂ ਇਨ੍ਹਾਂ ਨੂੰ ਜੇਲ੍ਹ ਭੇਜ ਦਿਤਾ ਗਿਆ ਹੈ।