
ਭਾਕਿਯੂ ਵਲੋਂ ਪੰਜਾਬ ਵਿਚ 40 ਥਾਵਾਂ 'ਤੇ ਧਰਨੇ, ਭਾਜਪਾ ਆਗੂਆਂ ਦਾ ਘਿਰਾਉ ਦਿਨ ਰਾਤ ਜਾਰੀ
ਕੇਂਦਰ ਸਰਕਾਰ ਦੀਆਂ ਚਾਲਾਂ ਦਾ ਦਿਤਾ ਜਾਵੇਗਾ ਮੂੰਹ ਤੋੜ ਜਵਾਬ
ਚੰਡੀਗੜ੍ਹ, 9 ਦਸੰਬਰ (ਨੀਲ ਭਲਿੰਦਰ ਸਿੰਘ) : ਕਿਸਾਨ ਮਾਰੂ ਖੇਤੀ ਕਾਨੂੰਨਾਂ ਵਿਰੁਧ ਅੰਦੋਲਨ ਪੂਰੇ ਭਾਰਤ ਵਿਚ ਫੈਲਾਉਣ 'ਚ ਅਹਿਮ ਰੋਲ ਨਿਭਾਉਂਦਿਆਂ ਭਾਰਤੀ ਕਿਸਾਨ ਯੂਨੀਅਨ (ਭਾਕਿਯੂ ਏਕਤਾ ਉਗਰਾਹਾਂ) ਵਲੋਂ ਦਿੱਲੀ ਵਿਚ ਲਗਾਏ ਗਏ ਕਿਸਾਨਾਂ ਦੇ ਪੱਕੇ ਮੋਰਚਿਆਂ ਵਿਚ ਲਾਮਿਸਾਲ ਸ਼ਮੂਲੀਅਤ ਤੋਂ ਇਲਾਵਾ ਪੰਜਾਬ ਦੇ 12 ਜ਼ਿਲ੍ਹਿਆਂ ਵਿਚ ਵੀ ਭਾਜਪਾ ਆਗੂਆਂ ਦੇ ਘਰਾਂ ਅਤੇ ਕਾਰਪੋਰੇਟ ਕਾਰੋਬਾਰਾਂ ਸਮੇਤ 40 ਥਾਵਾਂ 'ਤੇ ਧਰਨੇ ਜਾਂ ਘਿਰਾਉ ਦਿਨ-ਰਾਤ ਜਾਰੀ ਹਨ। ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦਸਿਆ ਕਿ ਪੰਜਾਬ ਦੇ ਲਗਭਗ ਹਰ ਪਿੰਡ 'ਚੋਂ ਨੌਜਵਾਨ ਅਤੇ ਔਰਤਾਂ ਸਮੇਤ ਕਿਸਾਨਾਂ ਮਜ਼ਦੂਰਾਂ ਦੇ ਜਥੇ ਸਾਰੇ ਮੋਰਚਿਆਂ ਵਿਚ ਰੋਜ਼ਾਨਾ ਸ਼ਾਮਲ ਹੋ ਰਹੇ ਹਨ। 8 ਦਸੰਬਰ ਦੇ ਭਾਰਤ ਬੰਦ ਮੌਕੇ ਦਿੱਲੀ ਤੇ ਪੰਜਾਬ 'ਚ ਕੁੱਲ ਮਿਲਾ ਕੇ ਢਾਈ ਲੱਖ ਦੇ ਕਰੀਬ ਕਿਸਾਨ ਮਜਦੂਰ ਨੌਜਵਾਨ, ਔਰਤਾਂ ਤੇ ਬੱਚਿਆਂ ਸਮੇਤ ਜਥੇਬੰਦੀ ਦੀ ਅਗਵਾਈ ਹੇਠ ਮੈਦਾਨ ਵਿਚ ਨਿੱਤਰੇ ਸਨ। ''ਬੱਚਾ ਬੱਚਾ ਝੋਕ ਦਿਆਂਗੇ, ਜ਼ਮੀਨਾਂ 'ਤੇ ਕਬਜ਼ੇ ਰੋਕ ਦਿਆਂਗੇ'' ਦੇ ਨਾਅਰੇ ਸਟੇਜਾਂ ਤੋਂ ਲਗਦੇ ਸਨ ਜਿਸ ਨੂੰ ਪ੍ਰਤੱਖ ਕਰ ਕੇ ਵਿਖਾਇਆ ਗਿਆ ਹੈ। ਅੱਜ ਪੰਜਾਬ ਦੇ ਬੱਚੇ ਬੱਚੇ ਦੀ ਜ਼ੁਬਾਨ 'ਤੇ ਹੈ ਕਿ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਏ ਬਗ਼ੈਰ ਇਕ ਇੰਚ ਵੀ ਪਿਛੇ ਨਹੀਂ ਹਟਾਂਗੇ। ਹਰ ਬੁਲਾਰਾ ਐਲਾਨ ਕਰਦਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਦੀਆਂ ਛਲ ਅਤੇ ਬਲ ਦੀਆਂ ਚਾਲਾਂ ਦਾ ਮੂੰਹ ਤੋੜ ਜਵਾਬ ਸੰਘਰਸ਼ੀ ਇਕਜੁੱਟਤਾ ਅਤੇ ਆਪਾ ਵਾਰੂ ਦ੍ਰਿੜ੍ਹਤਾ ਨਾਲ ਦਿਤਾ ਜਾਵੇਗਾ। ਪੰਜਾਬ ਵਿਚ ਧਰਨਿਆਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿਚ ਜ਼ਿਲ੍ਹਿਆਂ ਦੇ ਅਤੇ ਬਲਾਕਾਂ ਦੇ ਆਗੂਆਂ ਤੋਂ ਇਲਾਵਾ ਨਵੇਂ ਨੌਜਵਾਨ ਮੁੰਡੇ ਕੁੜੀਆਂ ਵੀ ਸ਼ਾਮਲ ਹਨ।