
ਕਾਮਰੇਡ ਸੰਧੂ ਦੀ ਹਤਿਆ ਦੀ ਸੀ.ਬੀ.ਆਈ. ਜਾਂਚ ਦੀ ਮੰਗ 'ਤੇ ਸਰਕਾਰ ਨੇ ਜਵਾਬ ਲਈ ਸਮਾਂ ਮੰਗਿਆ
to
ਚੰਡੀਗੜ੍ਹ, 9 ਦਸੰਬਰ (ਸੁਰਜੀਤ ਸਿੰਘ ਸੱਤੀ): ਤਰਨਤਾਰਨ ਵਿਖੇ ਸ਼ੌਰੀਆ ਚੱਕਰ ਜੇਤੂ ਕਾਮਰੇਡ ਬਲਵਿੰਦਰ ਸਿੰਘ ਸੰਧੂ ਦੀ ਲੰਘੀ 16 ਅਕਤੂਬਰ ਨੂੰ ਸਰੇਆਮ ਕੀਤੀ ਹਤਿਆ ਦੇ ਮਾਮਲੇ ਵਿਚ ਉਨ੍ਹਾਂ ਦੀ ਪਤਨੀ ਜਗਦੀਸ਼ ਕੌਰ ਵਲੋਂ ਹਾਈ ਕੋਰਟ ਵਿਚ ਪਟੀਸ਼ਨ ਦਾਖ਼ਲ ਕਰ ਕੇ ਮਾਮਲੇ ਦੀ ਸੀਬੀਆਈ ਕੋਲੋਂ ਜਾਂਚ ਕਰਵਾਉਣ ਦੀ ਮੰਗ 'ਤੇ ਪੰਜਾਬ ਸਰਕਾਰ ਨੇ ਜਵਾਬ ਲਈ ਸਮਾਂ ਮੰਗ ਲਿਆ ਹੈ।
ਹਾਲਾਂਕਿ ਹਾਈ ਕੋਰਟ ਨੇ ਜ਼ੁਬਾਨੀ ਟਿੱਪਣੀ ਕੀਤੀ ਹੈ ਕਿ ਇਹ ਅਜੀਬ ਗੱਲ ਹੈ ਕਿ ਸੁਰੱਖਿਆ ਵਾਪਸ ਹੋਣ ਤੋਂ ਬਾਅਦ ਹਤਿਆ ਕਰ ਦਿਤੀ ਜਾਂਦੀ ਹੈ ਪਰ ਬੈਂਚ ਨੇ ਫ਼ਿਲਹਾਲ ਇੰਨਾ ਕਿਹਾ ਹੈ ਕਿ ਇਸ ਮਾਮਲੇ ਵਿਚ ਪੰਜਾਬ ਸਰਕਾਰ ਵਿਸਥਾਰ ਪੂਰਵਕ ਜਵਾਬ ਦਾਖ਼ਲ ਕਰੇ। ਜਗਦੀਸ਼ ਕੌਰ ਨੇ ਅਪਣੀ ਤੇ ਅਪਣੇ ਪਰਵਾਰਕ ਮੈਂਬਰਾਂ ਦੀ ਸੁਰੱਖਿਆ ਦੀ ਮੰਗ ਵੀ ਕੀਤੀ ਸੀ ਤੇ ਕਿਹਾ ਸੀ ਕਿ ਕੇਂਦਰੀ ਬਲਾਂ ਦੀ ਸੁਰੱਖਿਆ ਮੁਹਈਆ ਕਰਵਾਈ ਜਾਵੇ। ਬੈਂਚ ਨੇ ਪੰਜਾਬ ਸਰਕਾਰ ਅਤੇ ਉਕਤ ਮਾਮਲੇ ਦੀ ਜਾਂਚ ਕਰ ਰਹੀ ਐਸਆਈ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਤਲਬ ਕਰ ਲਿਆ ਸੀ। ਪਟੀਸ਼ਨ 'ਚ ਸ਼ੱਕ ਜਾਹਰ ਕੀਤਾ ਸੀ ਕਿ ਪੰਜਾਬ ਪੁਲਿਸ ਦੇ ਕੁੱਝ ਅਫ਼ਸਰ ਗ਼ੈਰ ਸਮਾਜਕ ਤੱਤਾਂ ਨਾਲ ਸਬੰਧ ਰੱਖਦੇ ਹਨ ਤੇ ਇਸ ਲਈ ਸੂਬੇ ਦੀ ਏਜੰਸੀ ਮਾਮਲੇ ਦੀ ਨਿਰਪੱਖਤਾ ਨਾਲ ਜਾਂਚ ਨਹੀਂ ਕਰੇਗੀ।
ਉਨ੍ਹਾਂ ਇਹ ਸ਼ੱਕ ਵੀ ਪ੍ਰਗਟਾਇਆ ਸੀ ਕਿ ਉਨ੍ਹਾਂ 'ਤੇ ਅਤੇ ਪਰਵਾਰਕ ਮੈਂਬਰਾਂ 'ਤੇ ਵੀ ਹਮਲਾ ਹੋ ਸਕਦਾ ਹੈ ਤੇ ਕਿਹਾ ਸੀ ਕਿ ਉਨ੍ਹਾਂ ਦੀ ਸੁਰੱਖਿਆ ਜਾਣ ਬੁੱਝ ਕੇ ਵਾਪਸ ਲਈ ਗਈ ਹੈ, ਲਿਹਾਜਾ ਉਨ੍ਹਾਂ ਅਫਸਰਾਂ ਵਿਰੁਧ ਵੀ ਜਾਂਚ ਕੀਤੀ ਜਾਣੀ ਚਾਹੀਦੀ ਹੈ, ਜਿਨ੍ਹਾਂ ਦਾ ਸੁਰੱਖਿਆ ਵਾਪਸ ਕਰਵਾਉਣ 'ਚ ਹੱਥ ਹੈ। ਜਗਦੀਸ਼ ਕੌਰ ਨੇ ਦੋਸ਼ ਲਗਾਇਆ ਸੀ ਕਿ ਸੁਰੱਖਿਆ ਵਾਪਸ ਲੈਣ ਕਾਰਨ ਹੀ ਉਨ੍ਹਾਂ ਦੇ ਪਤੀ ਦੀ ਹਤਿਆ ਹੋਈ ਹੈ। ਹਾਈ ਕੋਰਟ ਦਾ ਧਿਆਨ ਦਿਵਾਇਆ ਗਿਆ ਕਿ ਕਾਮਰੇਡ ਸੰਧੂ ਨੇ ਖਾੜਕੂਵਾਦ ਦੌਰਾਨ ਕਾਫੀ ਕੰਮ ਕੀਤਾ ਤੇ ਇਸੇ ਕਾਰਨ ਉਨ੍ਹਾਂ ਦੇ ਪਰਵਾਰ ਦੇ ਚਾਰ ਮੈਂਬਰਾਂ ਨੂੰ ਸ਼ੌਰੀਆ ਚੱਕਰ ਨਾਲ ਸਨਮਾਨਤ ਵੀ ਕੀਤਾ ਗਿਆ ਸੀ ਤੇ ਉਸ ਵੇਲੇ ਕੀਤੇ ਕੰਮ ਕਾਰਨ ਕੁੱਝ ਵਿਅਕਤੀਆਂ ਦੀ ਉਨ੍ਹਾਂ ਦੇ ਪਰਵਾਰ ਨਾਲ ਅੰਦਰੂਨੀ ਖੁੰਦਕ ਹੈ, ਲਿਹਾਜਾ ਮਾਮਲੇ ਦੀ ਸੀਬੀਆਈ ਜਾਂਚ ਕਰਵਾਈ ਜਾਣੀ ਚਾਹੀਦੀ ਹੈ।