
ਬੇਅਦਬੀ ਕਾਂਡ : ਸੱਤਾ ਤਬਦੀਲੀ ਦੇ ਬਾਵਜੂਦ ਵੀ ਕਿਉਂ ਨਹੀਂ ਮਿਲ ਰਿਹਾ ਇਨਸਾਫ਼? : ਸੁਖਰਾਜ
ਕੋਟਕਪੂਰਾ, ਬਠਿੰਡਾ, 9 ਦਸੰਬਰ (ਗੁਰਿੰਦਰ ਸਿੰਘ, ਸੁਖਰਾਜ ਸਿੰਘ) : ਬਰਗਾੜੀ ਬੇਅਦਬੀ ਕਾਂਡ ਤੋਂ ਬਾਅਦ ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਉੱਪਰ ਪੁਲਿਸ ਵਲੋਂ ਢਾਹੇ ਗਏ ਅਤਿਆਚਾਰ ਤੋਂ ਪੀੜਤ ਪ੍ਰਵਾਰ ਅਨੇਕਾਂ ਐਸਆਈਟੀਜ਼, ਜਾਂਚ ਕਮਿਸ਼ਨਾਂ ਅਤੇ ਸਤਾ ਤਬਦੀਲੀ ਦੇ ਬਾਵਜੂਦ ਵੀ ਇਨਸਾਫ਼ ਤੋਂ ਵਾਂਝੇ ਹਨ। ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਏ ਗੁਰਜੀਤ ਸਿੰਘ ਬਿੱਟੂ ਅਤੇ ਕਿਸ਼ਨ ਭਗਵਾਨ ਸਿੰਘ ਨਿਆਮੀਵਾਲਾ ਦੇ ਪ੍ਰਵਾਰਾਂ ਦਾ ਦੋਸ਼ ਹੈ ਕਿ ਸੇਵਾ ਮੁਕਤ ਜਸਟਿਸ ਸਾਹਿਬਾਨ ਦੀ ਅਗਵਾਈ ਹੇਠ ਜਾਂਚ ਰੀਪੋਰਟਾਂ ਤਿਆਰ ਹੋਈਆਂ ਪਰ ਅਜੇ ਤਕ ਕੋਈ ਨਿਆਂ ਨਾ ਮਿਲਿਆ।
ਕਿਸ਼ਨ ਭਗਵਾਨ ਸਿੰਘ ਦੇ ਬੇਟੇ ਸੁਖਰਾਜ ਸਿੰਘ ਨਿਆਮੀਵਾਲਾ ਨੇ 'ਰੋਜ਼ਾਨਾ ਸਪੋਕਸਮੈਨ' ਨਾਲ ਗੱਲਬਾਤ ਕਰਦਿਆਂ ਦਸਿਆ ਕਿ ਪੀੜਤ ਪ੍ਰਵਾਰਾਂ ਅਤੇ ਪੰਥ ਦਰਦੀਆਂ ਨੇ ਐਡਵੋਕੇਟ ਜਨਰਲ ਨੂੰ ਬੇਨਤੀ ਕੀਤੀ ਹੈ ਕਿ ਉਹ ਅਪਣਾ ਪੱਖ ਬਾਖ਼ੂਬੀ ਨਿਭਾਉਣ ਕਿਉਂਕਿ ਉਨ੍ਹਾਂ ਵਲੋਂ ਪੱਖ ਨਾ ਨਿਭਾਉਣਾ ਕੇਸ ਨੂੰ ਲਮਕਾਉਣ ਸਮਾਨ ਜਾਪਦਾ ਹੈ। ਉਨ੍ਹਾਂ ਆਖਿਆ ਕਿ ਲੰਮਾ ਸਮਾਂ ਬੀਤ ਜਾਣ ਨਾਲ ਕੇਸ ਦਾ ਨੁਕਸਾਨ ਹੋ ਸਕਦਾ ਹੈ। ਗਵਾਹਾਂ ਦੀ ਮੌਤ ਹੋ ਸਕਦੀ ਹੈ ਅਤੇ ਗਵਾਹਾਂ 'ਤੇ ਦਬਾਅ ਬਣਾ ਕੇ ਉਨ੍ਹਾਂ ਨੂੰ ਮੁਕਰਾਇਆ ਵੀ ਜਾ ਸਕਦਾ ਹੈ, ਜਿਸ ਨਾਲ ਦੋਸ਼ੀਆਂ ਨੂੰ ਸਜਾਵਾਂ ਨਹੀਂ ਮਿਲ ਸਕਣਗੀਆਂ।
ਸੁਖਰਾਜ ਸਿੰਘ ਨਿਆਮੀਵਾਲਾ ਅਤੇ ਸਾਧੂ ਸਿੰਘ ਸਰਾਵਾਂ ਨੇ ਆਖਿਆ ਕਿ ਸੁਖਬੀਰ ਸਿੰਘ ਬਾਦਲ, ਸੁਮੇਧ ਸੈਣੀ, ਪਰਮਰਾਜ ਉਮਰਾ ਨੰਗਲ ਆਦਿ ਨੇ ਅਪਣੇ ਬਚਾਅ ਪੱਖ ਲਈ ਗੁਰਦੀਪ ਸਿੰਘ ਪੰਧੇਰ ਸਾਬਕਾ ਐਸਐਚਓ ਥਾਣਾ ਸਿਟੀ ਕੋਟਕਪੂਰਾ ਰਾਹੀਂ ਹਾਈਕੋਰਟ 'ਚ ਐਸਆਈਟੀ ਦੇ ਪ੍ਰਮੁੱਖ ਮੈਂਬਰ ਕੁੰਵਰ ਵਿਜੈ ਪ੍ਰਤਾਪ ਸਿੰਘ ਆਈ.ਜੀ. ਨੂੰ ਸਿੱਟ ਤੋਂ ਹਟਾਉਣ ਜਾਂ ਬਦਲਣ ਸਬੰਧੀ ਰਿੱਟ ਪਟੀਸ਼ਨ ਦਾਇਰ ਕੀਤੀ ਗਈ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਪੰਜਾਬ ਸਰਕਾਰ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਐਸਆਈਟੀ ਦੇ ਮੈਂਬਰ ਵਜੋਂ ਬਦਲੀ ਕਰ ਦਿਤੀ ਜਾਂਦੀ ਹੈ ਤਾਂ ਇਨਸਾਫ਼ ਦੀ ਕੋਈ ਗੁੰਜਾਇਸ਼ ਬਾਕੀ ਨਹੀਂ ਬਚੇਗੀ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਉਹ ਸੱਤਾ ਸੰਭਾਲਣ ਤੋਂ ਪਹਿਲਾਂ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੇ ਦਿਤੇ ਬਿਆਨਾਂ ਨੂੰ ਅਮਲੀਜਾਮਾ ਪਹਿਨਾਉਣ ਤਾਂ ਜੋ ਦੋਸ਼ੀਆਂ ਨੂੰ ਸਜ਼ਾਵਾਂ ਅਤੇ ਪੀੜਤਾਂ ਨੂੰ ਇਨਸਾਫ਼ ਮਿਲ ਸਕੇ।