
ਕੰਪਨੀ ਨੂੰ 15 ਦਿਨਾਂ ਦਾ ਸਮਾਂ, ਨਹੀਂ ਕੋਰਟ ਤੋਂ ਛੁਡਵਾਉਣਾ ਪਵੇਗਾ ਵਾਹਨ
ਮੁਹਾਲੀ: ਐਕਸਪ੍ਰੈਸ ਵੇਅ ਬਣਾਉਣ ਵਾਲੀ ਕੰਪਨੀ ਵਲੋਂ ਪਿੰਡ ਬਾਘੇ ਅਤੇ ਖੋਖੋਵਾਲ ਤੋਂ ਲੰਘਦੇ ਬਿਆਸ ਦਰਿਆ ਵਿਚ 5 ਫੁੱਟ ਤੋਂ ਜ਼ਿਆਦਾ ਮਾਈਨਿੰਗ ਕਰਨ ਉੱਤੇ ਮਾਈਨਿੰਗ ਵਿਭਾਗ ਨੇ ਵੱਡਾ ਫੈਸਲਾ ਲਿਆ ਹੈ। ਵਿਭਾਗ ਨੇ ਕੰਪਨੀ ਦੇ ਨਾਂ ’ਤੇ ਲੱਖਾਂ ਰੁਪਏ ਦੇ ਜੁਰਮਾਨੇ ਦਾ ਨੋਟਿਸ ਦਿੱਤਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਮੀਰੀ ਪੀਰੀ ਜੋਨ ਘੁਮਾਨ ਦੇ ਪ੍ਰਧਾਨ ਗੁਰਜੀਤ ਸਿੰਘ ਨੇ ਦੱਸਿਆ ਕਿ ਐਕਸਪ੍ਰੈਸ ਵੇਅ ਬਣਾਉਣ ਵਾਲੀ ਕੰਪਨੀ ਵਲੋਂ ਪਿੰਡ ਬਾਘੇ ਅਤੇ ਖੋਖੋਵਾਲ ਤੋਂ ਲੰਘਦੇ ਬਿਆਸ ਦਰਿਆ ਵਿਚ ਮਾਈਨਿੰਗ ਕੀਤੀ ਜਾ ਰਹੀ ਸੀ। ਕੰਪਨੀ ਵਲੋਂ 5 ਫੁੱਟ ਤੋਂ ਜ਼ਿਆਦਾ ਮਾਈਨਿੰਗ ਕੀਤੀ ਜਾ ਚੁੱਕੀ ਸੀ। ਜਦੋਂ ਇਸ ਗੱਲ ਦਾ ਉਨ੍ਹਾਂ ਨੂੰ ਪਤਾ ਲੱਗਿਆ, ਤਾਂ ਉਹ ਮਾਈਨਿੰਗ ਵਿਭਾਗ ਦੇ ਕਰਮਚਾਰੀਆਂ ਨੂੰ ਵੀ ਨਾਲ ਲੈ ਕੇ ਮੌਕੇ ’ਤੇ ਪਹੁੰਚ ਗਏ।
ਮਾਈਨਿੰਗ ਵਿਭਾਗ ਦੇ ਐੱਸਡੀਓ ਕਾਬਲ ਸਿੰਘ ਨੇ ਦੱਸਿਆ ਕਿ ਵਿਭਾਗ ਵਲੋਂ 8 ਟਿੱਪਰ ਅਤੇ ਇਕ ਪੋਕਲੇਨ ਮਸ਼ੀਨ ਨੂੰ ਜ਼ਬਤ ਕਰ ਕੇ ਵਾਹਨ ਚਾਲਕਾਂ ਨੂੰ ਕੰਪਨੀ ਦੇ ਨਾਂ ’ਤੇ ਨੋਟਿਸ ਦਿੱਤਾ ਹੈ।15 ਦਿਨਾਂ ਵਿਚ ਪ੍ਰਤੀ ਵਾਹਨ ਡੇਢ ਲੱਖ ਰੁਪਏ ਜੁਰਮਾਨਾ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ।
ਵਿਭਾਗ ਵਲੋਂ ਪੁਲਿਸ ਨੂੰ ਲਿਖਿਤ ਰੂਪ ਵਿਚ ਦਿੱਤਾ ਗਿਆ ਹੈ ਕਿ ਅਗਰ ਕੰਪਨੀ 15 ਦਿਨਾਂ ਵਿਚ ਜੁਰਮਾਨੇ ਦਾ ਸਾਰਾ ਪੈਸਾ ਜਮ੍ਹਾਂ ਕਰਵਾ ਦਿੰਦੀ ਹੈ, ਤਾਂ ਉਨ੍ਹਾਂ ਨੇ ਵਾਹਨ ਵਾਪਸ ਕਰ ਦਿੱਤੇ ਜਾਣਗੇ, ਨਹੀਂ ਤਾਂ ਕੋਰਟ ਦੁਆਰਾ ਵਾਹਨ ਉਨ੍ਹਾਂ ਨੂੰ ਦਿੱਤੇ ਜਾਣਗੇ।