
ਕਰੀਬ ਪੰਦਰਾਂ ਮਿੰਟਾਂ ’ਚ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ
ਅੰਮ੍ਰਿਤਸਰ : ਥਾਣਾ ਇਸਲਾਮਾਬਾਦ ਨੇੜੇ ਸ਼ੁੱਕਰਵਾਰ ਰਾਤ ਨੂੰ ਇਕ ਘਰ ਵਿਚ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਆਸਪਾਸ ਦੇ ਲੋਕਾਂ ਨੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਮੌਕੇ ’ਤੇ ਮੌਜੂਦ ਲੋਕਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਘਟਨਾ ਦੀ ਸੂਚਨਾ ਦਿੱਤੀ। ਕਰੀਬ ਪੰਦਰਾਂ ਮਿੰਟਾਂ ’ਚ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ। ਕਰੀਬ ਡੇਢ ਘੰਟੇ ਬਾਅਦ ਅੱਗ ’ਤੇ ਕਿਸੇ ਤਰ੍ਹਾਂ ਕਾਬੂ ਪਾਇਆ ਗਿਆ।
ਢਾਬ ਵਸਤੀ ਰਾਮ ਸੇਵਾ ਸੁਸਾਇਟੀ ਦੇ ਵਲੰਟੀਅਰ ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਸਲਾਮਾਬਾਦ ਥਾਣਾ ਨੇੜੇ ਇੱਕ ਘਰ ਨੂੰ ਅੱਗ ਲੱਗ ਗਈ ਹੈ। ਕੁਝ ਸਮੇਂ ਬਾਅਦ ਉਹ ਆਪਣੀ ਟੀਮ ਨਾਲ ਮੌਕੇ ’ਤੇ ਪਹੁੰਚ ਗਏ। ਇਸ ਦੌਰਾਨ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਵੀ ਮੌਕੇ ’ਤੇ ਪਹੁੰਚ ਗਈਆਂ। ਫਾਇਰਫਾਈਟਰਜ਼ ਨੇ ਪਾਣੀ ਦੀਆਂ ਬੁਛਾੜਾਂ ਨਾਲ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਘਰ ਵਿੱਚ ਰੱਖੇ ਦੋ ਰਸੋਈ ਗੈਸ ਸਿਲੰਡਰ ਫਟ ਗਏ ਅਤੇ ਉਸ ਦੀ ਟੀਮ ਦੇ ਤਿੰਨ ਮੈਂਬਰਾਂ ਦੇ ਹੱਥ ਸੜ ਗਏ। ਤਿੰਨਾਂ ਨੂੰ ਨੇੜਲੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।
ਕੁਲਦੀਪ ਸਿੰਘ ਨੇ ਦੱਸਿਆ ਕਿ ਫਾਇਰ ਫਾਈਟਰਜ਼ ਨੇ ਘਰ ’ਚ ਰੱਖੇ ਦੋ ਹੋਰ ਸਿਲੰਡਰਾਂ ਨੂੰ ਬੜੀ ਸਾਵਧਾਨੀ ਨਾਲ ਬਾਹਰ ਕੱਢ ਲਿਆ। ਕੁਲਦੀਪ ਸਿੰਘ ਨੇ ਦੱਸਿਆ ਕਿ ਅੱਗ ਲੱਗਦਿਆਂ ਹੀ ਘਰ ਵਿੱਚ ਰਹਿੰਦੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਘਰੋਂ ਬਾਹਰ ਕੱਢ ਲਿਆ ਗਿਆ। ਘਰ ਦੇ ਮਾਲਕ ਨੰਦ ਕਿਸ਼ੋਰ ਨੇ ਦੱਸਿਆ ਕਿ ਘਰ ’ਚ ਮੌਜੂਦ ਬੱਚਿਆਂ ਨੇ ਮੰਦਰ ’ਚ ਜੋਤ ਜਗਾਈ ਸੀ ਤੇ ਉਸੇ ਤੋਂ ਘਰ ਨੂੰ ਅੱਗ ਲੱਗ ਗਈ। ਦੂਜੇ ਪਾਸੇ ਪੁਲਿਸ ਨੇ ਝੁਲਸੇ ਵਿਅਕਤੀਆਂ ਦੀ ਪਛਾਣ ਸ਼ਿਵਮ ਮਹਿਤਾ, ਰਾਹੁਲ ਮਨਦੀਪ ਸਿੰਘ ਵਜੋਂ ਕੀਤੀ ਹੈ। ਉਪਰੋਕਤ ਸਾਰੇ ਵਿਅਕਤੀ ਢਾਬ ਵਸਤੀ ਰਾਮ ਸੇਵਾ ਸੁਸਾਇਟੀ ਦੇ ਵਲੰਟੀਅਰ ਹਨ।