
ਪੰਜਾਬ ਦੇ ਮਾੜੇ ਵਿੱਤੀ ਹਲਾਤਾਂ 'ਤੇ ਵੀ ਹਰਸਿਮਰਤ ਨੇ ਕੈਪਟਨ ਸਰਕਾਰ ਨੂੰ ਘੇਰਿਆ
ਬਠਿੰਡਾ :ਇੱਥੇ ਤੋਂ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਰੇ ਵਿਵਾਦਤ ਬਿਆਨ ਦਿੰਦਿਆ ਕਿਹਾ ਹੈ ਕਿ ਕੈਪਟਨ ਨੇ ਮਰਨ ਤੱਕ ਕਿਸੇ ਨੂੰ ਰੁਜ਼ਗਾਰ ਨਹੀਂ ਦੇਣਾ ਹੈ। ਨਾਲ ਹੀ ਹਰਸਿਮਰਤ ਨੇ ਪੰਜਾਬ ਦੇ ਵਿੱਤੀ ਹਲਾਤਾ ‘ਤੇ ਵੀ ਸਰਕਾਰ ਨੂੰ ਘੇਰਿਆ ਹੈ।
File Photo
ਦਰਅਸਲ ਹਰਸਿਮਰਤ ਬਾਦਲ ਆਪਣੇ ਧੰਨਵਾਦੀ ਦੌਰੇ ਦੌਰਾਨ ਬਠਿੰਡਾ ਦੇ ਭੁਚੋ ਹਲਕੇ ਦੇ ਪਿੰਡਾਂ ਵਿਚ ਪਹੁੰਚੀ ਹੋਈ ਸੀ। ਉੱਥੇ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ''ਕੈਪਟਨ ਨੇ ਤਿੰਨ ਸਾਲਾਂ ਵਿਚ ਇਕ ਵੀ ਨੌਜਵਾਨ ਨੂੰ ਨੌਕਰੀ ਨਹੀਂ ਦਿੱਤੀ ਅਤੇ ਮੈਨੂੰ ਨਹੀਂ ਲੱਗਦਾ ਕਿ ਇਸ ਨੇ ਤਾਂ ਮਰਨ ਤੱਕ ਕਿਸੇ ਨੂੰ ਕੁੱਝ ਨਹੀਂ ਦੇਣਾ''। ਹਰਸਿਮਰਤ ਨੇ ਕਿਹਾ ''ਕਿ 2017 ਵਿਧਾਨ ਸਭਾ ਚੋਣਾਂ ਦੌਰਾਨ ਕੈਪਟਨ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਇਕ ਵਾਰ ਸੇਵਾ ਕਰਨ ਦਾ ਮੌਕਾ ਜ਼ਰੂਰ ਦਿੱਤਾ ਜਾਵੇ ਕਿਉਂਕਿ ਉਹ ਆਖਰੀ ਵਾਰ ਚੋਣਾਂ ਲੜ ਰਹੇ ਹਨ ਪਰ ਹੁਣ ਕੈਪਟਨ ਦਾ ਕਹਿਣਾ ਹੈ ਕਿ ਉਹ ਉਨਾ ਚਿਰ ਸਿਆਸਤ ਨਹੀਂ ਛੱਡਣਗੇ ਜਿੰਨਾ ਚਿਰ ਉਹ ਨੌਜਵਾਨਾ ਨੂੰ ਤਰੱਕੀ ਨਹੀਂ ਦਿੰਦੇ''।
File Photo
ਇਸ ਮੌਕੇ ‘ਤੇ ਹਰਸਿਮਰਤ ਬਾਦਲ ਨੇ ਪੰਜਾਬ ਦੇ ਖਾਲੀ ਹੁੰਦੇ ਖਜ਼ਾਨੇ ਨੂੰ ਲੈ ਕੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਵੀ ਆੜੀ ਹੱਥੀ ਲਿਆ। ਬੀਬੀ ਹਰਸਿਮਤ ਨੇ ਕਿਹਾ ਕਿ ਰਾਜੇ(ਕੈਪਟਨ ਅਮਰਿੰਦਰ ਸਿੰਘ) ਅਤੇ ਮਨਪ੍ਰੀਤ ਨੇ ਪੰਜਾਬ ਦੇ ਆਰਥਿਕ ਹਲਾਤ ਅਜਿਹੇ ਕਰ ਦਿੱਤੇ ਹਨ ਕਿ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ । ਕਿਸਾਨ ਖੁਦਕੁਸ਼ੀਆ ‘ਤੇ ਸਰਕਾਰ ਨੂੰ ਘੇਰਦਿਆਂ ਹਰਸਿਮਰਤ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਨਾਲ ਕਰਜ਼ਾ ਮੁਆਫੀ ਕਰਨ ਦਾ ਵਾਅਦਾ ਅਜੇ ਤੱਕ ਪੂਰਾ ਨਹੀਂ ਕੀਤਾ ਜਿਸ ਕਰਕੇ ਹਰ ਰੋਜ ਕਿਸਾਨ ਅਤੇ ਉਨ੍ਹਾਂ ਦੇ ਪਰਿਵਾਰ ਖੁਦਕੁਸ਼ੀਆ ਕਰ ਰਹੇ ਹਨ
File Photo
ਦੱਸ ਦਈਏ ਕਿ ਚੰਡੀਗੜ੍ਹ ਵਿਚ ਕਾਂਗਰਸ ਭਵਨ ਵਿਖੇ ਇਕ ਸਮਾਗਮ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਉਹ ਉਦੋਂ ਤਕ ਸਿਆਸਤ ਨੂੰ ਅਲਵਿਦਾ ਨਹੀਂ ਕਹਿਣਗੇ ਜਦੋਂ ਤੱਕ ਉਹ ਨੌਜਵਾਨਾਂ ਲਈ ਰੁਜ਼ਗਾਰ ਅਤੇ ਤਰੱਕੀ ਲਈ ਢੁਕਵੇਂ ਮੌਕੇ ਪੈਦਾ ਕੀਤੇ ਜਾਣ ਨੂੰ ਯਕੀਨੀ ਨਹੀਂ ਬਣਾ ਲੈਂਦੇ।