
ਪੰਜਾਬ-ਹਰਿਆਣਾ ਤੇ ਚੰਡੀਗੜ੍ਹ ਨੂੰ ਸੰਘਣੀ ਧੁੰਦ ਨੇ ਲਿਆ ਅਪਣੀ ਲਪੇਟ ਵਿਚ
3 ਤੋਂ 4 ਡਿਗਰੀ ਤਕ ਡਿਗਿਆ ਪਾਰਾ
ਚੰਡੀਗੜ੍ਹ, 10 ਜਨਵਰੀ (ਸਪੋਕਸਮੈਨ ਸਮਾਚਾਰ ਸੇਵਾ): ਸੰਘਣੀ ਧੁੰਦ ਪੈਣ ਕਾਰਨ ਇਕ ਵਾਰ ਫਿਰ ਪੰਜਾਬ, ਹਰਿਆਣਾ ਤੇ ਚੰਡੀਗੜ੍ਹ 'ਚ ਪਾਰਾ ਡਿੱਗ ਗਿਆ ਹੈ | ਚੰਡੀਗੜ੍ਹ 'ਚ ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 17.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਆਮ ਤਾਪਮਾਨ ਨਾਲੋਂ 3 ਡਿਗਰੀ ਸੈਲਸੀਅਸ ਘੱਟ ਸੀ | ਉੱਥੇ ਹੀ ਘੱਟੋ-ਘੱਟ ਤਾਪਮਾਨ 10.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਆਮ ਤਾਪਮਾਨ ਨਾਲੋਂ ਪੰਜ ਡਿਗਰੀ ਸੈਲਸੀਅਸ ਘੱਟ ਸੀ |
ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਦਸਿਆ ਕਿ ਇਸ ਹਫ਼ਤੇ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ | ਸੋਮਵਾਰ ਨੂੰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 18 ਡਿਗਰੀ ਸੈਲਸੀਅਸ ਤੇ ਘੱਟੋ-ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ | ਪੰਜਾਬ-ਹਰਿਆਣਾ ਦੀ ਗੱਲ ਕਰੀਏ ਤਾਂ ਅਗਲੇ 48 ਘੰਟੇ ਤਕ ਮੌਸਮ ਸਾਫ਼ ਰਹੇਗਾ ਪਰ ਸੰਘਣੀ ਧੁੰਦ ਕਾਰਨ ਲੋਕਾਂ ਨੂੰ ਹੱਡ-ਚੀਰਵੀਂ ਠੰਢ ਦਾ ਸਾਹਮਣਾ ਕਰਨਾ ਪਵੇਗਾ | ਉਨ੍ਹਾਂ ਦਸਿਆ ਕਿ ਆਉਣ ਵਾਲੇ ਦਿਨਾਂ 'ਚ ਠੰਢ ਦਾ ਕਹਿਰ ਹੋਰ ਵਧੇਗਾ | ਠੰਢ ਨੂੰ ਹਲਕੇ 'ਚ ਨਾ ਲਉ, ਘਰੋਂ ਬਾਹਰ ਨਿਕਲਦੇ ਸਮੇਂ ਗਰਮ ਕੱਪੜੇ ਪਹਿਣ ਕੇ ਹੀ ਨਿਕਲੋ |
ਛੁੱਟੀ ਵਾਲਾ ਦਿਨ ਹੋਣ ਕਾਰਨ ਸੜਕਾਂ 'ਤੇ ਵਾਹਨਾਂ ਦੀ ਗਿਣਤੀ ਘੱਟ ਸੀ | ਬਾਵਜੂਦ ਇਸ ਦੇ ਸਵੇਰੇ-ਸਵੇਰੇ ਧੁੰਦ ਇੰਨੀ ਸੰਘਣੀ ਸੀ ਕਿ ਵਿਜ਼ੀਬਿਲਟੀ 100 ਮੀਟਰ ਤੋਂ ਵੀ ਘੱਟ ਸੀ | ਸੜਕ 'ਤੇ ਚੱਲਣ ਵਾਲੇ ਜ਼ਿਆਦਾਤਰ ਵਾਹਨਾਂ ਦੀ ਫ਼ੌਗ ਲਾਈਟ ਆ ਸੀ ਤੇ ਸਪੀਡ ਵੀ ਆਮ ਦਿਨਾਂ ਦੇ ਮੁਕਾਬਲੇ ਘੱਟ ਸੀ | ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ 48 ਘੰਟੇ ਸੰਘਣੀ ਧੁੰਦ ਰਹੇਗੀ, ਠੰਢ ਦਾ ਵੀ ਕਹਿਰ ਵਧੇਗਾ |
ਮੌਸਮ ਵਿਭਾਗ ਅਨੁਸਾਰ ਉਤਰ ਪੱਛਮੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿਚ ਖ਼ੁਸ਼ਕ ਹਵਾਵਾਂ ਕਾਰਨ ਅਗਲੇ 3-4 ਦਿਨਾਂ ਦੇ ਦੌਰਾਨ ਘਟੋ ਘੱਟ ਤਾਪਮਾਨ ਹੌਲੀ-ਹੌਲੀ 3-4 ਡਿਗਰੀ ਸੈਲਸੀਅਸ ਘਟਣ ਦੀ ਉਮੀਦ ਹੈ | ਮੌਸਮ ਵਿਭਾਗ ਮੁਤਾਬਕ ਇਸ ਨਾਲ 12 ਤੇ 13 ਜਨਵਰੀ ਨੂੰ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਅਤੇ ਉੱਤਰ ਰਾਜਸਥਾਨ ਦੇimage ਕਈ ਇਲਾਕਿਆਂ ਵਿਚ ਕੜਾਕੇ ਦੀ ਠੰਢ ਪੈ ਸਕਦੀ ਹੈ |