
ਜੂਝਦਾ ਪੰਜਾਬ ਜਥੇਬੰਦੀ ਵਲੋਂ ਵੀ ਸੰਯੁਕਤ ਸਮਾਜ ਮੋਰਚੇ ਨੂੰ ਸਮਰਥਨ ਦਾ ਐਲਾਨ
ਚੰਡੀਗੜ੍ਹ, 10 ਜਨਵਰੀ (ਭੁੱਲਰ) : ਅਮਿਤੋਜ ਮਾਨ, ਬੱਬੂ ਮਾਨ ਵਰਗੇ ਕਲਾਕਾਰਾਂ ਤੇ ਬੁਧੀਜੀਵੀਆਂ ਵਲੋਂ ਬਣਾਈ ਗਈ ਗ਼ੈਰ ਸਿਆਸੀ ਜਥੇਬੰਦੀ ਜੂਝਦਾ ਪੰਜਾਬ ਨੇ ਵੀ ਸੰਯੁਕਤ ਸਮਾਜ ਮੋਰਚੇ ਨੂੰ ਅਪਣਾ ਸਮਰਥਨ ਦੇ ਦਿਤਾ ਹੈ |
ਇਹ ਐਲਾਨ ਅੱਜ ਇਥੇ ਪ੍ਰੈੱਸ ਕਾਨਫ਼ਰੰਸ 'ਚ ਕੀਤਾ ਗਿਆ | ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਕਿਸਾਨਾਂ ਦੇ ਸਿਆਸੀ ਮੋਰਚੇ ਨੂੰ ਉਨ੍ਹਾਂ ਵਲੋਂ ਤਿਆਰ ਪੰਜਾਬ ਮਾਡਲ ਦੇ 13 ਨੁਕਾਤੀ ਏਜੰਡਾ ਪ੍ਰਵਾਨ ਕਰ ਲਿਆ ਹੈ | ਅਮਿਤੋਜ ਮਾਨ ਨੇ ਕਿਹਾ ਕਿ ਸਾਡੀ ਜਥੇਬੰਦੀ ਗ਼ੈਰ ਸਿਆਸੀ ਹੀ ਰਹੇਗੀ ਅਤੇ ਚੋਣਾਂ 'ਚ ਸਿੱਧੇ ਤੌਰ 'ਤੇ ਸ਼ਾਮਲ ਨਹੀਂ ਹੋਵੇਗੀ, ਪਰ ਪੰਜਾਬ ਨੂੰ ਬਚਾਉਣ ਲਈ ਚੰਗੇ ਬਦਲ ਦੀ ਮਦਦ ਕਰੇਗੀ | ਪਿਛੇ ਰਹਿ ਕੇ ਸਲਾਹ ਦੇਵੇਗੀ | ਉਨ੍ਹਾਂ ਕਿਹਾ ਕਿ ਭਵਿੱਖ 'ਚ ਅਗਰ ਕੋਈ ਲੋਕ ਪੱਖੀ ਸਰਕਾਰ ਬਣਦੀ ਹੈ ਤਾਂ ਉਸ ਉਪਰ ਗ਼ੈਰ ਸਿਆਸੀ ਸਲਾਹਕਾਰ ਬਾਡੀ ਦਾ ਕੁੰਡਾ ਹੋਣਾ ਚਾਹੀਦਾ ਹੈ | ਜੂਝਦਾ ਪੰਜਾਬ ਇਹੀ ਮਕਸਦ ਨੂੰ ਲੈ ਕੇ ਕੰਮ ਕਰ ਰਿਹਾ ਹੈ | ਇਸ ਦੀ ਮੈਂਬਰਸ਼ਿਪ ਕੁੱਝ ਹੀ ਦਿਨਾਂ 'ਚ 4 ਹਜ਼ਾਰ ਤੋਂ ਉਪਰ ਹੋ ਚੁੱਕੀ ਹੈ |
ਉਨ੍ਹਾਂ ਕਿਹਾ ਕਿ ਜੇ ਸੰਯੁਕਤ ਸਮਾਜ ਮੋਰਚੇ ਨੇ ਸਹੀ ਦਿਸ਼ਾ 'ਚ ਕਦਮ ਅੱਗੇ ਵਧਾਉਣੇ ਜਾਰੀ ਰੱਖੇ ਤਾਂ ਕੁੱਝ ਹੀ ਦਿਨਾਂ 'ਚ ਪੰਜਾਬ 'ਚ ਤਬਦੀਲੀ ਹੁੰਦੀ ਵਿਖਾਈ ਦੇਵੇਗੀ ਕਿਉਂਕਿ ਰਵਾਇਤੀ ਪਾਰਟੀਆਂ ਤੋਂ ਲੋਕ ਅੱਕ ਚੁੱਕੇ ਹਨ |