
ਚਰਨਜੀਤ ਚੰਨੀ ਤੇ ਨਵਜੋਤ ਸਿੱਧੂ ਦੀ ਹਾਜ਼ਰੀ ਵਿਚ ਕਾਂਗਰਸ 'ਚ ਸ਼ਾਮਲ ਹੋਈ ਮਾਲਵਿਕਾ ਸੂਦ
ਸੂਦ ਪ੍ਰਵਾਰ ਦਾ ਕਾਂਗਰਸ ਨਾਲ ਜੁੜਨਾ ਸਾਡੇ ਲਈ ਮਾਣ ਵਾਲੀ ਗੱਲ : ਚੰਨੀ
ਮੋਗਾ, 10 ਜਨਵਰੀ (ਸਤਪਾਲ ਭਾਗੀਕੇ, ਪ੍ਰੇਮ ਹੈਪੀ) ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਨੇ ਸੋਮਵਾਰ ਰਸਮੀ ਤੌਰ 'ਤੇ ਕਾਂਗਰਸ ਵਿਚ ਸ਼ਮੂਲੀਅਤ ਕਰ ਲਈ ਹੈ | ਉਨ੍ਹਾਂ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪਾਰਟੀ ਵਿਚ ਸ਼ਮੂਲੀਅਤ ਕਰਵਾਈ | ਇਸ ਮੌਕੇ ਸੋਨੂੰ ਸੂਦ ਵੀ ਹਾਜ਼ਰ ਸਨ | ਜ਼ਿਕਰਯੋਗ ਹੈ ਕਿ ਮਾਲਵਿਕਾ ਸੂਦ ਪਿਛਲੇ ਮਹੀਨੇ ਕਾਂਗਰਸ ਪਾਰਟੀ ਵਲੋਂ ਪ੍ਰਚਾਰ ਵੀ ਕਰਦੀ ਵਿਖਾਈ ਦਿਤੀ ਸੀ ਅਤੇ ਰਾਜਨੀਤੀ ਵਿਚ ਕਾਫ਼ੀ ਸਰਗਰਮ ਚਲ ਰਹੀ ਸੀ, ਜਿਸ ਪਿਛੋਂ ਉਨ੍ਹਾਂ ਦੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚੋਂ ਕਿਸੇ ਇਕ ਵਿਚ ਸ਼ਾਮਲ ਹੋਣ ਦੀ ਚਰਚਾ ਸੀ | ਪ੍ਰ੍ਰੰਤੂ ਅਖੀਰ ਉਨ੍ਹਾਂ ਨੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਹੈ |
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਸੋਮਵਾਰ ਮਾਲਵਿਕਾ ਸੂਦ ਸੱਚਰ ਨੂੰ ਕਾਂਗਰਸ ਵਿਚ ਸ਼ਾਮਲ ਕਰਨ ਲਈ ਖ਼ੁਦ ਉਨ੍ਹਾਂ ਦੇ ਘਰ ਪੁੱਜੇ ਸਨ | ਮੋਗਾ ਜ਼ਿਲ੍ਹੇ ਨਾਲ ਸਬੰਧਤ ਸੋਨੂੰ ਸੂਦ, ਕੋਰੋਨਾ ਮਹਾਂਮਾਰੀ ਦੌਰਾਨ ਲੌਕਡਾਊਨ ਦੇ ਸਮੇਂ ਉਦੋਂ ਚਰਚਾ ਵਿੱਚ ਆਏ ਸਨ, ਜਦੋਂ ਉਨ੍ਹਾਂ ਲੋੜਵੰਦਾਂ ਨੂੰ ਘਰ ਪਹੁੰਚਾਉਣ ਅਤੇ ਹੋਰ ਲੋਕਾਂ ਦੀ ਤੇਜ਼ੀ ਨਾਲ ਮਦਦ ਕਰਨੀ ਸ਼ੁਰੂ ਕਰ ਦਿਤੀ ਸੀ | ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਵੀ ਉਨ੍ਹਾਂ ਦੀ ਦੋ-ਤਿੰਨ ਵਾਰੀ ਮੁਲਾਕਾਤ ਹੋਈ ਸੀ, ਜਿਸ ਪਿਛੋਂ ਉਨ੍ਹਾਂ ਦੇ ਰਾਜਨੀਤੀ ਵਿਚ ਆਉਣ ਦੀ ਚਰਚਾ ਸੀ, ਪ੍ਰੰਤੂ ਉਨ੍ਹਾਂ ਨੇ ਅਪਣੀ ਭੈਣ ਨੂੰ ਰਾਜਨੀਤੀ ਵਿਚ ਕਾਂਗਰਸ ਵਲੋਂ ਉਤਾਰਿਆ ਹੈ |
ਮਾਲਵਿਕਾ ਸੂਦ ਦੇ ਕਾਂਗਰਸ ਵਿਚ ਸ਼ਾਮਲ ਹੋਣ ਤੋਂ ਬਾਅਦ ਇਕ ਪ੍ਰੈੱਸ ਕਾਨਫ਼ਰੰਸ ਕੀਤੀ ਗਈ, ਜਿਸ ਵਿਚ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸੂਦ ਪਰਵਾਰ ਜਿਸ ਕਿਸੇ ਨਾਲ ਵੀ ਜੁੜੇਗਾ ਉਸ ਦੀ ਖ਼ੁਸ਼ਕਿਸਮਤੀ ਹੋਵੇਗੀ | ਇਸ ਲਈ ਅੱਜ ਮਾਲਵਿਕਾ ਦਾ ਕਾਂਗਰਸ ਵਿਚ ਜੁੜਨਾ ਸਾਡੇ ਲਈ ਬਹੁਤ ਹੀ ਖ਼ੁਸ਼ੀ ਦੀ ਗੱਲ ਹੈ | ਉਨ੍ਹਾਂ ਨੇ ਕਾਂਗਰਸ ਵਿਚ ਸ਼ਾਮਲ ਹੋਣ 'ਤੇ ਮਾਲਵਿਕਾ ਦਾ ਸਵਾਗਤ ਕੀਤਾ |
ਇਸ ਤੋਂ ਇਲਾਵਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਨੇ ਵੀ ਸੋਨੂੰ ਸੂਦ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਕੋਰੋਨਾ ਕਾਲ ਵਿਚ ਸੂਦ ਪਰਵਾਰ ਨੇ ਆਮ ਲੋਕਾਂ ਦੀ ਬਹੁਤ ਮਦਦ ਕੀਤੀ | ਇਸ ਮੌਕੇ ਚੰਨੀ ਨੇ ਕਿਹਾ ਕਿ ਚੰਗੇ ਪਰਵਾਰ ਦਾ ਕਾਂਗਰਸ ਵਿਚ ਜੁੜਨਾ ਸਾਡੇ ਲਈ ਮਾਣ ਵਾਲੀ ਗੱਲ ਹੈ | ਉਨ੍ਹਾਂ ਮਾਲਵਿਕਾ ਸੂਦ ਦੇ ਸੋਹਲੇ ਗਾਉਂਦੇ ਹੋਏ ਕਿਹਾ ਕਿ ਇਸ ਦੀ ਕੀਤੀ ਹੋਈ ਪੜ੍ਹਾਈ ਅਤੇ ਕੰਮਾਂ ਦੇ ਜਜ਼ਬੇ ਨਾਲ ਆਉਣ ਵਾਲੇ ਪੰਜ ਸਾਲਾਂ ਵਿਚ ਕੰਮ ਕਰ ਕੇ ਸ਼ਹਿਰ ਦੇ ਲੋਕ ਇਹ ਗੱਲ ਆਖਿਆ ਕਰਨਗੇ ਕਿ ਸੋਨੂੰ ਸੂਦ ਮਾਲਵਿਕਾ ਸੂਦ ਦਾ ਭਰਾ ਹੈ | ਜਦੋਂ ਪੱਤਰਕਾਰਾਂ ਨੇ ਚਰਨਜੀਤ ਸਿੰਘ ਚੰਨੀ ਨੂੰ ਮੋਗਾ ਸ਼ਹਿਰੀ ਸੀਟ ਬਾਰੇ ਪੁਛਿਆ ਤਾਂ ਉਨ੍ਹਾਂ ਕਿਹਾ ਕਿ ''ਹਾਲੇ ਵੀ ਕੋਈ ਸ਼ੱਕ ਰਹਿ ਗਈ ਹੈ |'' ਮੋਗਾ ਤੋਂ ਮੌਜੂਦਾ ਵਿਧਾਇਕ ਡਾ. ਹਰਜੋਤ ਕਮਲ ਦੀ ਟਿਕਟ ਕੱਟਣ 'ਤੇ ਚਰਨਜੀਤ ਸਿੰਘ ਚੰਨੀ ਬੋਲੇ ਕਿ ਹਰਜੋਤ ਕਮਲ ਮੇਰਾ ਭਰਾ ਹੈ ਅਤੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਉਹ ਸਾਡੇ ਨਾਲ ਹੈ ਤੇ ਪਾਰਟੀ ਦਾ ਹਿੱਸਾ ਹੈ | ਆਉਣ ਵਾਲੇ ਸਮੇਂ ਵਿਚ ਉਨ੍ਹਾਂ ਨੂੰ ਕੋਈ ਵੱਡੀ ਜ਼ਿੰਮੇਵਾਰੀ ਸੌਪੀ ਜਾਵੇਗੀ |
ਇਸ ਮੌਕੇ ਮਾਲਵਿਕਾ ਸੂਦ ਨੇ ਕਿਹਾ ਕਿ ਮੈਂ ਚਰਨਜੀਤ ਸਿੰਘ ਚੰਨੀ ਅਤੇ ਸਿੱਧੂ ਸਾਹਬ ਦਾ ਧਨਵਾਦ ਕਰਦੀ ਹਾਂ ਕਿ ਉਹ ਸਾਡੇ ਘਰ ਆਏ | ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਸੱਭ ਤੋਂ ਪੁਰਾਣੀ ਪਾਰਟੀ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਅੱਗੇ ਲੈ ਕੇ ਜਾਣਾ ਹੀ ਮੇਰਾ ਮਕਸਦ ਹੈ |