
ਸਪਾ ਆਗੂ ਦੇ ਕਤਲ ਦੇ ਦੋਸ਼ ’ਚ ਸਾਬਕਾ ਸੰਸਦ ਮੈਂਬਰ ਸਮੇਤ 6 ਗਿ੍ਰਫ਼ਤਾਰ
ਬਲਰਾਮਪੁਰ, 10 ਜਨਵਰੀ : ਉਤਰ ਪ੍ਰਦੇਸ਼ ’ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਲਰਾਮਪੁਰ ਜ਼ਿਲ੍ਹੇ ’ਚ ਪੁਲਿਸ ਨੇ ਸਮਾਜਵਾਦੀ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਰਿਜ਼ਵਾਨ ਜ਼ਹੀਰ ਉਨ੍ਹਾਂ ਦੀ ਧੀ ਜ਼ੇਬਾ ਰਿਜ਼ਵਾਨ ਅਤੇ ਜੁਆਈ ਸਮੇਤ 6 ਲੋਕਾਂ ਨੂੰ ਸਪਾ ਦੇ ਹੀ ਨੇਤਾ ਫ਼ਿਰੋਜ਼ ਦੇ ਕਤਲ ਦੇ ਦੋਸ਼ ’ਚ ਸੋਮਵਾਰ ਨੂੰ ਗਿ੍ਰਫ਼ਤਾਰ ਕੀਤਾ ਹੈ। ਬਲਰਾਮਪੁਰ ਦੇ ਪੁਲਿਸ ਸੁਪਰਡੈਂਟ ਹੇਮੰਤ ਕੁਟਿਆਲ ਨੇ ਇਸ ਮਾਮਲੇ ਦੀ ਜਾਂਚ ’ਚ ਮਿਲੇ ਤੱਥਾਂ ਦੇ ਆਧਾਰ ’ਤੇ ਦਸਿਆ ਕਿ ਫ਼ਿਰੋਜ਼ ਕਤਲਕਾਂਡ ’ਚ ਸਾਬਕਾ ਸੰਸਦ ਮੈਂਬਰ ਦੀ ਭੂਮਿਕਾ ਸਾਹਮਣੇ ਆਉਣ ’ਤੇ ਸਾਰੇ ਸ਼ੱਕੀ ਦੋਸ਼ੀਆਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਬਲਰਾਮਪੁਰ ਸਥਿਤ ਤੁਲਸੀਪੁਰ ਨਗਰ ਪੰਚਾਇਤ ਪ੍ਰਧਾਨ ਕਹਿਕਸ਼ਾ ਦੇ ਪਤੀ ਅਤੇ ਉਨ੍ਹਾਂ ਦੇ ਪ੍ਰਤੀਨਿਧੀ ਸਪਾ ਨੇਤਾ ਫ਼ਿਰੋਜ਼ ਦੇ ਪਿਛਲੇ ਸਾਲ 26 ਦਸੰਬਰ ਨੂੰ ਰਾਤ ਲਗਭਗ 11 ਵਜੇ ਜਰਵਾ ਚੌਰਾਹ ਕੋਲ ਬਦਮਾਸ਼ਾਂ ਨੇ ਗਲਾ ਵੱਢ ਕੇ ਹਤਿਆ ਕਰ ਦਿਤੀ ਸੀ।
ਉਨ੍ਹਾਂ ਦਸਿਆ ਕਿ ਇਸ ਮਾਮਲੇ ’ਚ ਮਿ੍ਰਤਕ ਦੇ ਭਰਾ ਅਫ਼ਰੋਜ਼ ਅਹਿਮਦ ਦੀ ਸ਼ਿਕਾਇਤ ’ਤੇ ਪੁਲਿਸ ’ਚ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਦੀ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ ਸ਼ੁਰੂਾਤੀ ਜਾਂਚ ਤੋਂ ਬਾਅਦ ਪੁਲਿਸ ਨੇ ਸਾਬਕਾ ਸੰਸਦ ਮੈਂਬਰ ਰਿਜ਼ਵਾਨ ਜ਼ਹੀਰ, ਉਨ੍ਹਾਂ ਦੀ ਧੀ, ਜੁਆਈ ਰਮੀਜ਼, ਮੇਰਾਜੁਲ, ਮਹਿਫ਼ੂਜ਼ ਅਤੇ ਸ਼ਕੀਲ ਸਮੇਤ ਕੁੱਲ 6 ਦੋਸ਼ੀਆਂ ਨੂੰ ਗਿ੍ਰਫ਼ਤਾਰ ਕਰ ਲਿਆ। ਉਨ੍ਹਾਂ ਦਸਿਆ ਕਿ ਨਗਰ ਪੰਚਾਇਤ ਪ੍ਰਧਾਨ ਕਹਕਸ਼ਾ ਦੇ ਪਤੀ ਫ਼ਿਰੋਜ਼ ਅਤੇ ਰਿਜ਼ਵਾਨ ਦਰਮਿਆਨ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਸਪਾ ਤੋਂ ਟਿਕਟ ਹਾਸਲ ਕਰਨ ਲਈ ਖਿੱਚੋਤਾਣ ਚੱਲ ਰਹੀ ਸੀ। ਉਨ੍ਹਾਂ ਦਸਿਆ ਕਿ ਸਾਰੇ ਦੋਸ਼ੀਆਂ ’ਤੇ ਗੈਂਗਸਟਰ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ ਅਤੇ ਨਾਲ ਹੀ ਇਸ ਮਾਮਲੇ ਨੂੰ ਫ਼ਾਸਟ ਟਰੈਕ ਅਦਾਲਤ ਵਿਚ ਲਿਜਾਇਆ ਜਾਵੇਗਾ। (ਪੀਟੀਆਈ)