
ਪੰਥ ਨੂੰ ਨਾ ਕਦੇ ਖ਼ਤਰਾ ਸੀ ਤੇ ਨਾ ਹੀ ਹੈ, ਜੇਕਰ ਖ਼ਤਰਾ ਹੈ ਤਾਂ ਲੀਡਰਾਂ ਦੀਆਂ ਕੁਰਸੀਆਂ ਨੂੰ : ਸਿਰਸਾ
ਬਾਦਲਾਂ ਸਮੇਤ ਸ਼ੋ੍ਰਮਣੀ ਕਮੇਟੀ 'ਤੇ ਕੀਤੀਆਂ ਸਖ਼ਤ ਟਿਪਣੀਆਂ
ਕੋਟਕਪੂਰਾ, 10 ਜਨਵਰੀ (ਗੁਰਿੰਦਰ ਸਿੰਘ) : ਅਕਾਲੀ ਦਲ ਬਾਦਲ ਤੇ ਖਾਸਕਰ ਬਾਦਲ ਪਰਵਾਰ ਦੀ ਨੇੜਤਾ ਦਾ ਫ਼ਾਇਦਾ ਲੈ ਕੇ ਅਕਾਲੀ ਦਲ ਦੇ ਮੰਚ ਰਾਹੀਂ ਸਿਆਸਤ ਦੇ ਮੈਦਾਨ ਵਿਚ ਉਤਰਨ ਵਾਲੇ ਮਨਜਿੰਦਰ ਸਿੰਘ ਸਿਰਸਾ ਦੇ ਨਿਸ਼ਾਨੇ 'ਤੇ ਹੁਣ ਬਾਦਲਾਂ ਦੇ ਨਾਲ-ਨਾਲ ਸ਼ੋ੍ਰਮਣੀ ਕਮੇਟੀ ਵੀ ਆ ਗਈ ਹੈ |
ਇਕ ਨਿਜੀ ਚੈਨਲ ਨਾਲ ਮੁਲਾਕਾਤ ਦੌਰਾਨ ਬੜੀ ਬੇਬਾਕੀ ਨਾਲ ਗੱਲਬਾਤ ਕਰਦਿਆਂ ਮਨਜਿੰਦਰ ਸਿੰਘ ਸਿਰਸਾ ਸਾਬਕਾ ਪ੍ਰਧਾਨ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਦਾਅਵਾ ਕੀਤਾ ਕਿ ਅੱਜ ਪੰਥ ਨੂੰ ਕੋਈ ਖ਼ਤਰਾ ਨਹੀਂ ਬਲਕਿ ਪੰਥ ਦੇ ਨਾਂਅ 'ਤੇ ਸਿਆਸਤ ਕਰਨ ਵਾਲਿਆਂ ਦੀਆਂ ਕੁਰਸੀਆਂ ਨੂੰ ਖ਼ਤਰਾ ਹੈ | ਐਂਕਰ ਵਲੋਂ ਪੁੱਛੇ ਸਵਾਲਾਂ ਦਾ ਜਵਾਬ ਦਿੰਦਿਆਂ ਮਨਜਿੰਦਰ ਸਿੰਘ ਸਿਰਸਾ ਨੇ ਲੱਖਾ ਸਿਧਾਣਾ ਅਤੇ ਦੀਪ ਸਿੱਧੂ ਦੀਆਂ 26 ਜਨਵਰੀ 2021 ਦੇ ਮਾਮਲੇ ਵਿਚ ਕਰਵਾਈਆਂ ਜ਼ਮਾਨਤਾਂ ਦਾ ਜ਼ਿਕਰ ਕਰਨ ਮੌਕੇ ਆਖਿਆ ਕਿ ਉਸ ਨੇ ਕਿਸਾਨ ਅੰਦੋਲਨ ਵਿਚ ਮਦਦ ਕੀਤੀ, ਕੰਗਨਾ ਰਣੌਤ ਵਿਰੁਧ ਦਰਜ ਮੁਕੱਦਮਾ ਜਾਰੀ ਰਖਣ ਦਾ ਸੰਕਲਪ ਦੁਹਰਾਇਆ, ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਸਮੇਤ ਭਾਜਪਾ ਅਤੇ ਆਰਐਸਐਸ ਦੀ ਰੱਜਵੀਂ ਪ੍ਰਸ਼ੰਸਾ ਕੀਤੀ |
ਮਨਜਿੰਦਰ ਸਿੰਘ ਸਿਰਸਾ ਮੁਤਾਬਕ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵਿਸ਼ਵਾਸ਼ ਦਿਵਾਇਆ ਹੈ ਕਿ ਸ਼ਿਲਾਂਗ (ਮੇਘਾਲਿਆ) ਦੇ ਸਿੱਖਾਂ ਦਾ ਉਜਾੜਾ ਕਦੇ ਵੀ ਨਹੀਂ ਹੋਵੇਗਾ | ਨਰਿੰਦਰ ਮੋਦੀ ਦੀ ਫ਼ਿਰੋਜ਼ਪੁਰ ਰੈਲੀ ਦੌਰਾਨ ਉਨ੍ਹਾਂ ਦੇ ਹੋਏ ਵਿਰੋਧ ਦੀ ਨੁਕਤਾਚੀਨੀ ਕਰਦਿਆਂ ਮਨਜਿੰਦਰ ਸਿੰਘ ਸਿਰਸਾ ਨੇ ਆਖਿਆ ਕਿ ਐਨੇ ਵਿਰੋਧ ਦੇ ਬਾਵਜੂਦ ਵੀ ਨਰਿੰਦਰ ਮੋਦੀ ਨੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜ਼ਲੀ ਦੇਣ ਲਈ ਇਸ ਸਾਲ ਤੋਂ 26 ਦਸੰਬਰ ਨੂੰ 'ਵੀਰ ਬਾਲ ਦਿਵਸ' ਵਜੋਂ ਮਨਾਉਣ ਦਾ ਐਲਾਨ ਕੀਤਾ ਤਾਂ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਦੀ ਵਿਰੋਧ ਵਿਚ ਛਪੀ ਟਿੱਪਣੀ ਤੋਂ ਹੈਰਾਨੀ ਹੋਣੀ ਸੁਭਾਵਿਕ ਸੀ |
ਸਿੱਖਾਂ ਦੇ ਮਸਲਿਆਂ 'ਚ ਆਰਐਸਐਸ ਅਤੇ ਬੀਜੇਪੀ ਦੀ ਦਖ਼ਲਅੰਦਾਜ਼ੀ ਅਤੇ ਪੰਥ ਨੂੰ ਖ਼ਤਰੇ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਮਨਜਿੰਦਰ ਸਿੰਘ ਸਿਰਸਾ ਨੇ ਬਿਨਾਂ ਕਿਸੇ ਦਾ ਨਾਮ ਲਏ ਕਿਹਾ ਕਿ ਜੇਕਰ ਉਨ੍ਹਾਂ ਨੂੰ ਇਸ ਖ਼ਤਰੇ ਦਾ ਫ਼ਿਕਰ ਹੁੰਦਾ ਤਾਂ ਅੱਜ ਅੱਧਾ ਪੰਜਾਬ ਈਸਾਈ ਨਾ ਬਣਦਾ, ਸਾਡੇ ਨੌਜਵਾਨ ਨਸ਼ੇੜੀ ਨਾ ਬਣਦੇ, ਪਤਿੱਤਪੁਣਾ ਨਾ ਵਧਦਾ ਪਰ ਪੰਥ ਦੇ ਨਾਂਅ 'ਤੇ ਸਿਆਸਤ ਕਰਨ ਦਾ ਰੁਝਾਨ ਦੁਖਦਾਇਕ ਹੀ ਨਹੀਂ ਬਲਕਿ ਅਫ਼ਸੋਸਜਨਕ ਵੀ ਹੈ |