
13 ਜਨਵਰੀ ਲੋਹੜੀ ਕਰ ਕੇ ਹੋਵੇਗੀ ਛੁੱਟੀ
ਚੰਡੀਗੜ੍ਹ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਭਾਰਤ ਜੋੜੇ ਯਾਤਰਾ ਪੰਜਾਬ 'ਚ ਸ਼ੁਰੂ ਹੋ ਗਈ ਹੈ। ਇਸ ਸਬੰਧੀ ਕਾਂਗਰਸ ਵੱਲੋਂ ਪ੍ਰੈੱਸ ਕਾਨਫ਼ਰੰਸ ਕੀਤੀ ਗਈ, ਜਿਸ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸੰਬੋਧਨ ਕੀਤਾ ਅਤੇ ਉਹਨਾਂ ਨੇ 'Bharat Jodo Yatra' ਦੀ ਰਣਨੀਤੀ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ 'ਭਾਰਤ ਜੋੜੋ ਯਾਤਰਾ' ਦਾ 'ਥੀਮ ਗੀਤ' ਵੀ ਰਿਲੀਜ਼ ਕੀਤਾ ਗਿਆ। ਇਸ ਮੌਕੇ ਗੱਲ ਕਰਦਿਆਂ ਕਾਂਗਰਸੀ ਆਗੂ ਜੈਰਾਮ ਰਮੇਸ਼ ਨੇ ਕਿਹਾ ਕਿ ਭਾਰਤ ਜੋੜੋ ਯਾਤਰਾ ਰਾਹੀਂ ਕਾਂਗਰਸ ਸਾਡੇ ਸਮਾਜ, ਦੇਸ਼ ਤੇ ਲੋਕਤੰਤਰ ਦੇ ਸਾਹਮਣੇ ਜੋ ਤਿੰਨ ਵੱਡੇ ਖ਼ਤਰੇ ਹਨ , ਉਨ੍ਹਾਂ ਖ਼ਿਲਾਫ਼ ਆਵਾਜ਼ ਚੁੱਕ ਰਹੀ ਹੈ। ਪਹਿਲਾ ਖ਼ਤਰਾ ਹੈ ਆਰਥਿਕ ਅਸਮਾਨਤਾਵਾਂ, ਦੂਸਰਾ ਖ਼ਤਰਾ ਸਮਾਜਿਕ ਧਰੋਹੀਕਰਨ ਤੇ ਤੀਸਰਾ ਖ਼ਤਰਾ ਹੈ ਰਾਜਨੀਤਿਕ ਤਾਨਾਸ਼ਾਹੀ।
ਉਨ੍ਹਾਂ ਕਿਹਾ ਕਿ ਇਸ ਯਾਤਰਾ ਦਾ ਚੋਣਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਹ ਨਾ ਤਾਂ ਚੋਣਾਂ ਜਿੱਤੋ ਯਾਤਰਾ ਹੈ ਤੇ ਨਾ ਹੀ ਚੋਣਾਂ ਜਿਤਾਓ ਯਾਤਰਾ ਹੈ। ਇਹ ਯਾਤਰਾ ਲੋਕਾਂ ਦੀ ਚਿੰਤਾ ਸਮਝਣ ਲਈ ਆਰੰਭੀ ਗਈ ਹੈ। ਜੈਰਾਮ ਰਮੇਸ਼ ਨੇ ਕਿਹਾ ਕਿ ਇਸ ਯਾਤਰਾ 'ਚ 3 ਚਿੰਤਾਵਾਂ ਖ਼ਿਲਾਫ਼ ਆਵਾਜ਼ ਚੁੱਕੀ ਜਾ ਰਹੀ ਹੈ। ਇਸ ਦੇ ਨਾਲ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਸਾਡੇ ਕੌਮੀ ਲੀਡਰ ਰਾਹੁਲ ਗਾਂਧੀ ਵੱਲੋਂ ਪੰਜਾਬ 'ਚ ਇਹ ਯਾਤਰਾ ਫਤਿਹਗੜ੍ਹ ਸਾਹਿਬ ਤੋਂ ਸ਼ੁਰੂ ਕੀਤੀ ਗਈ ਹੈ ਜੋ ਕਿ ਇਤਿਹਾਸਕ ਧਰਤੀ ਹੈ।
ਇਹ ਵੀ ਪੜ੍ਹੋ - ਪੰਜਾਬ 'ਚ 'ਭਾਰਤ ਜੋੜੋ ਯਾਤਰਾ', ਰਾਹੁਲ ਗਾਂਧੀ ਨੇ ਕਿਹਾ- ਯਾਤਰਾ ਦਾ ਮਕਸਦ ਦੇਸ਼ ਨੂੰ ਇਕਜੁੱਟ ਕਰਨਾ
ਪੰਜਾਬ 'ਚ ਇਹ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਰਾਹੁਲ ਗਾਂਧੀ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਸਨ। ਅੱਜ ਦੀ ਯਾਤਰਾ ਦਾ ਅੰਤਿਮ ਪੜਾਅ ਖੰਨਾ ਹੋਵੇਗਾ। ਫਿਰ 12 ਜਨਵਰੀ ਨੂੰ ਇਹ ਯਾਤਰਾ ਲਗਾਤਾਰ 24.5 ਕਿਲੋਮੀਟਰ ਦਾ ਸਫ਼ਰ ਤੈਅ ਕਰੇਗੀ। ਰਾਜਾ ਵੜਿੰਗ ਨੇ ਦੱਸਿਆ ਕਿ 13 ਤਾਰੀਖ਼ ਨੂੰ ਲੋਹੜੀ ਕਾਰਨ ਛੁੱਟੀ ਕੀਤੀ ਗਈ ਹੈ ਪਰ ਭਾਰਤ ਜੋੜੋ ਯਾਤਰਾ ਦੇ ਸਾਰੇ ਯਾਤਰੀ ਲਾਡੋਵਾਲਾ ਰੋਡ 'ਤੇ ਪੈਂਦੇ ਟੋਲ ਵਿਖੇ ਰਹਿਣਗੇ। 14 ਜਨਵਰੀ ਨੂੰ ਇਹ ਯਾਤਰਾ ਕੋਨਿਕਾ ਰਿਸਾਰਟ 'ਤੇ ਜਾ ਕੇ ਖ਼ਤਮ ਕੀਤੀ ਜਾਵੇਗੀ।
ਫਿਰ ਇਹ ਯਾਤਰਾ 15 ਨੂੰ ਕੋਨਿਕਾ ਰਿਸਾਰਟ ਤੋਂ ਚੱਲ ਕੇ ਇਹ ਯਾਤਰਾ ਭੋਗਪੁਰ ਨੇੜੇ ਸਮਾਪਤ ਕੀਤੀ ਜਾਵੇਗੀ। 17 ਜਨਵਰੀ ਨੂੰ ਇਹ ਯਾਤਰਾ ਚੱਲੇਗੀ ਤੇ ਮੁਕੇਰੀਆਂ ਵਿਖੇ ਇਸ ਦੀ ਸਮਾਪਤੀ ਕੀਤੀ ਜਾਵੇਗੀ। ਉਸ ਤੋਂ ਬਾਅਦ ਮੁਕੇਰੀਆਂ ਤੋਂ 6 ਕਿਲੋਮੀਟਰ ਚੱਲ ਕੇ ਇਹ ਯਾਤਰਾ ਹਿਮਾਚਲ 'ਚ ਦਾਖ਼ਲ ਹੋਵੇਗੀ। 18 ਨੂੰ ਇਹ ਯਾਤਰਾ ਮੁੜ ਤੋਂ ਪੰਜਾਬ ਆਵੇਗੀ ਫਿਰ 19 ਜਨਵਰੀ ਨੂੰ ਪਠਾਨਕੋਟ ਵਿਖੇ ਰਾਹੁਲ ਗਾਂਧੀ ਵੱਲੋਂ ਰੈਲੀ ਨੂੰ ਸੰਬੋਧਨ ਕੀਤਾ ਜਾਵੇਗਾ।
ਰੈਲੀ ਨੂੰ ਸੰਬੋਧਨ ਕਰਨ ਤੋਂ ਬਾਅਦ 6 ਤੋਂ 7 ਕਿਲੋਮੀਟਰ ਦਾ ਪੜਾਅ ਤੈਅ ਕਰਕੇ ਇਹ ਯਾਤਰਾ ਜੰਮੂ-ਕਸ਼ਮੀਰ ਪੁੱਜੇਗੀ। ਰਾਜਾ ਵੜਿੰਗ ਨੇ ਕਿਹਾ ਕਿ ਇਹ ਇਕ ਇਤਿਹਾਸਕ ਯਾਤਰਾ ਹੈ ਤੇ ਇਸ ਦਾ ਨਿਵੇਕਲਾ ਮਕਸਦ ਹੈ। ਇਸ ਦਾ ਕੋਈ ਰਾਜਨੀਤਿਕ ਮਕਸਦ ਨਹੀਂ ਹੈ ਇਸ ਦਾ ਉਦੇਸ਼ ਸਿਰਫ਼ ਭਾਰਤ ਨੂੰ ਇਕਜੁੱਟ ਕਰਨਾ ਹੈ ਨਾ ਕਿ ਚੋਣਾਂ ਜਿੱਤਣਾ।