
ਪ੍ਰਾਪਤ ਜਾਣਕਾਰੀ ਅਨੁਸਾਰ ਸਚਿਨ ਥਾਪਨ ਵਿਰੁੱਧ ਦਾਇਰ ਚਾਰਜਸ਼ੀਟ 155 ਗਵਾਹਾਂ ਦੇ ਆਧਾਰ 'ਤੇ ਦਰਜ ਕੀਤੀ ਗਈ ਹੈ।
Sidhu MooseWala: ਮਾਨਸਾ - ਪੰਜਾਬ ਪੁਲਿਸ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿਚ ਤੀਜੇ ਤੇ ਮੁੱਖ ਮੁਲਜ਼ਮ ਸਚਿਨ ਥਾਪਨ ਉਰਫ਼ ਸਚਿਨ ਬਿਸ਼ਨੋਈ ਖ਼ਿਲਾਫ਼ ਸਪਲੀਮੈਂਟਰੀ ਚਾਰਜਸ਼ੀਟ ਪੇਸ਼ ਕਰ ਦਿੱਤੀ ਹੈ। ਕੱਲ੍ਹ ਸੁਣਵਾਈ ਦੌਰਾਨ ਸਚਿਨ ਨੂੰ ਦਿੱਲੀ ਤੋਂ ਲਿਆ ਕੇ ਮਾਨਸਾ ਅਦਾਲਤ ਵਿਚ ਪੇਸ਼ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸਚਿਨ ਫਿਲਹਾਲ ਐਨ.ਆਈ.ਏ. ਜਿੱਥੇ ਉਸ ਦੇ ਖਿਲਾਫ਼ ਗੈਂਗਸਟਰ-ਅਤਿਵਾਦੀ ਮਾਮਲੇ 'ਚ ਜਾਂਚ ਚੱਲ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸਚਿਨ ਥਾਪਨ ਵਿਰੁੱਧ ਦਾਇਰ ਚਾਰਜਸ਼ੀਟ 155 ਗਵਾਹਾਂ ਦੇ ਆਧਾਰ 'ਤੇ ਦਰਜ ਕੀਤੀ ਗਈ ਹੈ। ਜਿਸ ਵਿਚ 8 ਸਰਕਾਰੀ ਅਤੇ 147 ਨਿੱਜੀ ਗਵਾਹ ਸ਼ਾਮਲ ਹਨ। ਪੁਲਿਸ ਨੇ ਸਚਿਨ 'ਤੇ ਦੋਸ਼ ਲਗਾਇਆ ਹੈ ਕਿ ਉਸ ਨੇ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁਲਜ਼ਮਾਂ ਨੂੰ ਬੋਲੈਰੋ ਕਾਰ ਮੁਹੱਈਆ ਕਰਵਾਈ ਸੀ। ਇਸ ਤੋਂ ਇਲਾਵਾ ਉਸ ਨੇ ਗੈਂਗਸਟਰ ਬਲਦੇਵ ਨਿੱਕੂ ਅਤੇ ਸੰਜੀਵ ਕੇਕੜਾ ਨੂੰ ਰੇਕੀ ਲਈ ਤਿਆਰ ਕੀਤਾ ਸੀ।
ਇਸ ਦੇ ਨਾਲ ਹੀ ਨਿੱਕੂ ਅਤੇ ਕੇਕੜਾ ਨੂੰ ਉਹ ਜਗ੍ਹਾ ਵੀ ਦੱਸੀ ਗਈ ਜਿੱਥੋਂ ਹਥਿਆਰਾਂ ਦੀ ਖੇਪ ਚੁੱਕਣੀ ਸੀ। ਜਦੋਂ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਸੀ ਤਾਂ ਸਚਿਨ ਨੇ ਫ਼ਤਿਹਾਬਾਦ ਦੇ ਸਾਵਰੀਆ ਹੋਟਲ 'ਚ ਸ਼ੂਟਰਾਂ ਦੇ ਠਹਿਰਣ ਦਾ ਇੰਤਜ਼ਾਮ ਵੀ ਕੀਤਾ ਸੀ। ਸਚਿਨ ਥਾਪਨ ਪੰਜਾਬ ਦੇ ਫਾਜ਼ਿਲਕਾ ਦਾ ਰਹਿਣ ਵਾਲਾ ਹੈ। ਪੁਲਿਸ ਨੇ ਇਸ ਮਾਮਲੇ 'ਚ ਸਚਿਨ ਥਾਪਨ ਖਿਲਾਫ਼ 12 ਧਾਰਾਵਾਂ ਜੋੜ ਦਿੱਤੀਆਂ ਹਨ। ਮਾਨਸਾ ਦੀ ਸੀਜੇਐਮ ਅਦਾਲਤ ਵਿਚ ਪੇਸ਼ ਕੀਤੇ ਚਲਾਨ ਵਿਚ ਧਾਰਾ 302, 307, 341, 326, 148, 149, 427, 120-ਬੀ, 109, 473, 212 ਅਤੇ 201 ਅਤੇ ਅਸਲਾ ਐਕਟ ਦੀਆਂ ਧਾਰਾਵਾਂ ਜੋੜੀਆਂ ਗਈਆਂ ਹਨ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 23 ਜਨਵਰੀ ਨੂੰ ਤੈਅ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਸਚਿਨ ਥਾਪਨ ਨੂੰ ਕਰੀਬ 5 ਮਹੀਨੇ ਅਜ਼ਰਬਾਈਜਾਨ ਤੋਂ ਭਾਰਤ ਲਿਆਂਦਾ ਗਿਆ ਸੀ। ਸਚਿਨ ਗੈਂਗਸਟਰ ਲਾਰੈਂਸ ਦਾ ਭਤੀਜਾ ਹੈ। ਉਹ ਮੂਸੇਵਾਲਾ ਕਤਲ ਕਾਂਡ ਦੇ ਸਾਜ਼ਿਸ਼ਕਾਰਾਂ ਵਿਚੋਂ ਇੱਕ ਹੈ। ਕਤਲ ਤੋਂ ਕੁਝ ਸਮਾਂ ਪਹਿਲਾਂ ਉਹ ਜਾਅਲੀ ਪਾਸਪੋਰਟ 'ਤੇ ਲਾਰੈਂਸ ਦੇ ਭਰਾ ਅਨਮੋਲ ਬਿਸ਼ਨੋਈ ਨਾਲ ਵਿਦੇਸ਼ ਭੱਜ ਗਿਆ ਸੀ। ਅਨਮੋਲ ਅਤੇ ਸਚਿਨ ਨੇਪਾਲ ਦੇ ਰਸਤੇ ਦੁਬਈ ਗਏ ਸਨ। ਉਥੋਂ ਸਚਿਨ ਅਜ਼ਰਬਾਈਜਾਨ ਚਲਾ ਗਿਆ ਅਤੇ ਅਨਮੋਲ ਕੈਨੇਡਾ ਚਲਾ ਗਿਆ ਪਰ ਸਚਿਨ ਨੂੰ ਜਾਅਲੀ ਪਾਸਪੋਰਟ ਮਾਮਲੇ 'ਚ ਅਜ਼ਰਬਾਈਜਾਨ 'ਚ ਗ੍ਰਿਫ਼ਤਾਰ ਕਰ ਲਿਆ ਗਿਆ।
(For more news apart from Sidhu MooseWala, stay tuned to Rozana Spokesman)