
ਜਲੰਧਰ ਦਿਹਾਤੀ ਇਲਾਕੇ 'ਚ ਤਾਇਨਾਤ ਸਨ ਭੁਪਿੰਦਰ ਸਿੰਘ
Punjab News: ਜਲੰਧਰ ਵਿਚ ਸਰਕਾਰੀ ਪਿਸਤੌਲ ਸਾਫ਼ ਕਰਦੇ ਸਮੇਂ ਅਚਾਨਕ ਚੱਲੀ ਗੋਲੀ ਸਿਰ 'ਚ ਵੱਜਣ ਕਾਰਨ ਸਬ-ਇੰਸਪੈਕਟਰ ਭੁਪਿੰਦਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ 50 ਸਾਲਾ ਭੁਪਿੰਦਰ ਸਿੰਘ ਦਿਹਾਤੀ ਇਲਾਕੇ 'ਚ ਸੇਵਾ ਨਿਭਾਅ ਰਹੇ ਸਨ। ਉਹ ਭੋਗਪੁਰ ਦੇ ਰਹਿਣ ਵਾਲੇ ਸਨ।
ਮਾਮਲੇ ਦੀ ਜਾਂਚ ਕਰ ਰਹੇ ਥਾਣਾ ਡਵੀਜ਼ਨ ਨੰਬਰ 2 ਦੇ ਐੱਸ.ਐੱਚ.ਓ. ਗੁਰਪ੍ਰੀਤ ਸਿੰਘ ਨੇ ਦਸਿਆ ਕਿ ਭੁਪਿੰਦਰ ਸਿੰਘ ਸੀ.ਆਈ.ਏ. ਸਟਾਫ ਦਿਹਾਤੀ ਦੇ ਦਫ਼ਤਰ ਕੋਲ ਬਣੀ ਪਾਰਕਿੰਗ 'ਚ ਬੁੱਧਵਾਰ ਸ਼ਾਮ ਕਰੀਬ 6.30 ਵਜੇ ਅਪਣੀ ਕਾਰ 'ਚ ਬੈਠ ਕੇ 9 ਐੱਮ.ਐੱਮ.ਦੀ ਸਰਕਾਰੀ ਪਿਸਤੌਲ ਦੀ ਸਫਾਈ ਕਰ ਰਿਹਾ ਸੀ।
ਇਸ ਦੌਰਾਨ ਅਚਾਨਕ ਪਿਸਤੌਲ 'ਚੋਂ ਗੋਲੀ ਚੱਲ ਗਈ, ਜੋ ਉਸ ਦੇ ਸਿਰ 'ਚ ਲੱਗੀ। ਇਸ ਸਬੰਧੀ ਜਦੋਂ ਪੁਲਿਸ ਨੂੰ ਸੂਚਨਾ ਮਿਲੀ ਤਾਂ ਭੁਪਿੰਦਰ ਸਿੰਘ ਦੀ ਮੌਤ ਹੋ ਚੁੱਕੀ ਸੀ ਤੇ ਉਸ ਦਾ ਸਿਰ ਪੂਰੀ ਤਰ੍ਹਾਂ ਖੂਨ ਨਾਲ ਲਥਪਥ ਸੀ। ਏ.ਐੱਸ.ਆਈ. ਵਿਜੈ ਕੁਮਾਰ ਨੇ ਦਸਿਆ ਕਿ ਉਨ੍ਹਾਂ ਨੇ ਜਾਂਚ ਟੀਮ ਨੂੰ ਮੌਕੇ 'ਤੇ ਬੁਲਾਇਆ ਅਤੇ ਮ੍ਰਿਤਕ ਦੀ ਕਾਰ ਸਰਕਾਰੀ ਪਿਸਤੌਲ ਕਬਜ਼ੇ 'ਚ ਲੈ ਲਿਆ ਹੈ।
ਉਨ੍ਹਾਂ ਦਸਿਆ ਕਿ ਪੁਲਿਸ ਨੇ ਮ੍ਰਿਤਕ ਭੁਪਿੰਦਰ ਸਿੰਘ ਦੀ ਪਤਨੀ ਕੁਲਜੀਤ ਕੌਰ ਦੇ ਬਿਆਨਾਂ 'ਤੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਉਸ ਦੀ ਲਾਸ਼ ਨੂੰ ਸਿਵਲ ਹਸਪਤਾਲ ਭੇਜ ਦਿਤਾ ਹੈ। ਪੋਸਟਮਾਰਟਮ ਕਰਵਾਉਣ ਤੋਂ ਬਾਅਦ ਉਸ ਦੀ ਲਾਸ਼ ਪ੍ਰਵਾਰ ਨੂੰ ਸੌਂਪ ਦਿਤੀ ਜਾਵੇਗੀ।
(For more Punjabi news apart from Police sub-inspector found dead in jalandhar, stay tuned to Rozana Spokesman)