
ਅੱਜ ਜਿਥੇ ਦੁਨੀਆਂ ਪਦਾਰਥਵਾਦੀ ਬਣੀ ਹੋਈ ਹੈ ਤੇ ਹਰੇਕ ਰਿਸ਼ਤੇ ਨੂੰ ਵੀ ਦੌਲਤ ਨਾਲ ਤੋਲਿਆ ਜਾਂਦਾ ਹੈ ਪਰ ਸਮਾਜ 'ਚ ਅੱਜ ਵੀ ਅਜਿਹੇ ਮਹਾਨ ਵਿਅਕਤੀ ਹਨ......
ਚੰਡੀਗੜ੍ਹ : ਅੱਜ ਜਿਥੇ ਦੁਨੀਆਂ ਪਦਾਰਥਵਾਦੀ ਬਣੀ ਹੋਈ ਹੈ ਤੇ ਹਰੇਕ ਰਿਸ਼ਤੇ ਨੂੰ ਵੀ ਦੌਲਤ ਨਾਲ ਤੋਲਿਆ ਜਾਂਦਾ ਹੈ ਪਰ ਸਮਾਜ 'ਚ ਅੱਜ ਵੀ ਅਜਿਹੇ ਮਹਾਨ ਵਿਅਕਤੀ ਹਨ ਜਿਹੜੇ ਪੈਸੇ ਦੀ ਭੁੱਖ ਤਿਆਗ਼ ਕੇ ਇਨਸਾਨੀਅਤ ਦੀ ਕਦਰ ਕਰਦੇ ਹਨ। ਅਜਿਹਾ ਹੀ ਮਹਾਨ ਕਾਰਜ ਹਰਿਆਣਾ ਦੇ ਹਸਨਗੜ੍ਹ ਦੇ ਵਾਸੀ ਸੰਜੈ ਅਤੇ ਉਸ ਦੇ ਪਿਤਾ ਸਤਿਬੀਰ ਨੇ ਕੀਤਾ ਹੈ। ਸਤਿਬੀਰ ਨੇ ਨਾ ਕੇਵਲ ਅਪਣੇ ਪੁੱਤਰ ਦਾ ਵਿਆਹ ਗ਼ਰੀਬ ਮਜ਼ਦੂਰ ਦੀ ਬੇਟੀ ਨਾਲ ਕੀਤਾ ਸਗੋਂ ਇਹ ਵੀ ਸ਼ਰਤ ਰੱਖ ਦਿਤੀ ਕਿ ਉਹ ਕਿਸੇ ਤਰ੍ਹਾਂ ਦਾ ਦਾਜ ਨਹੀਂ ਲੈਣਗੇ ਤੇ ਸ਼ਗਨ ਵੀ ਕੇਵਲ ਇਕ ਰੁਪਏ ਨਾਲ ਹੀ ਕਰਨਗੇ।
ਸੰਜੈ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਇਹ ਉਨ੍ਹਾਂ ਲੋਕਾਂ ਨੂੰ ਸੁਨੇਹਾ ਪਹੁੰਚਾਉਣ ਦੀ ਛੋਟੀ ਜਿਹੀ ਕੋਸ਼ਿਸ਼ ਹੈ ਜਿਹੜੇ ਧੀਆਂ ਨੂੰ ਬੋਝ ਸਮਝ ਕੇ ਕੁੱਖ ਵਿਚ ਹੀ ਮਾਰ ਦਿੰਦੇ ਹਨ। ਉਨਾਂ ਕਿਹਾ ਕਿ ਅਗਰ ਇਸ ਕੋਸ਼ਿਸ਼ ਨਾਲ ਲੋਕਾਂ ਅੰਦਰ ਥੋੜੀ ਜਿਹੀ ਵੀ ਜਾਗਰੂਕਤਾ ਵੀ ਆ ਜਾਵੇਗੀ ਤਾਂ ਉਹ ਅਪਣੀ ਖ਼ੁਸ਼ਕਿਸਮਤੀ ਸਮਝਣਗੇ।
ਸੰਜੈ ਮਾਪਿਆਂ ਦਾ ਇਕਲੌਤਾ ਬੇਟਾ ਹੈ ਤੇ ਉਹ ਬੀ.ਏ ਫ਼ਾਈਨਲ 'ਚ ਪੜ੍ਹਦਾ ਹੈ। ਉਸ ਨੇ ਹਿਸਾਰ ਦੀ ਸੰਤੋਸ਼ ਨਾਂ ਦੀ ਲੜਕੀ ਨਾਲ ਵਿਆਹ ਕੀਤਾ ਹੈ ਜਿਸ ਨੇ ਬੀ.ਏ ਪਾਸ ਕਰ ਲਈ ਹੈ। ਸੰਜੈ ਦਾ ਸਬੰਧ ਅਮੀਰ ਪਰਵਾਰ ਨਾਲ ਹੈ ਪਰ ਉਸ ਨੇ ਸੰਤੋਸ਼ ਨੂੰ ਜਿਹੜੇ ਸੁਪਨੇ ਦਿਖਾਏ ਸਨ, ਉਹ ਵੀ ਪੂਰੇ ਕਰ ਦਿਤੇ। ਉਹ ਸੰਤੋਸ਼ ਨੂੰ ਵਿਆਹੁਣ ਲਈ ਹੈਲੀਕਾਪਟਰ 'ਤੇ ਆਇਆ।