
ਲਾਲ ਕਿਲ੍ਹੇ ਦੀ ਘਟਨਾ ਮਗਰੋਂ ਗ੍ਰਿਫ਼ਤਾਰ ਕੀਤੇ 3 ਨੌਜਵਾਨ ਜੇਲ ’ਚੋਂ ਰਿਹਾਅ
ਨਵੀਂ ਦਿੱਲੀ, 10 ਫ਼ਰਵਰੀ: 26 ਜਨਵਰੀ ਨੂੰ ਹੋਈ ਘਟਨਾ ਮਗਰੋਂ ਗ੍ਰਿਫ਼ਤਾਰ ਕੀਤੇ ਗਏ 3 ਨੌਜਵਾਨ ਤਿਹਾੜ ਜੇਲ ਤੋਂ ਰਿਹਾਅ ਕਰ ਦਿਤੇ ਗਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਤਿਹਾੜ ਜੇਲ ਤੋਂ ਬਾਹਰ ਆਏ 3 ਨੌਜਵਾਨਾਂ ਨਾਲ ਗੱਲ ਕੀਤੀ।
ਇਨ੍ਹਾਂ ਨੌਜਵਾਨਾਂ ਨੂੰ ਦਿੱਲੀ ਪੁਲਿਸ ਵਲੋਂ ਗਣਤੰਤਰ ਦਿਵਸ ’ਤੇ ਟਰੈਕਟਰ ਰੈਲੀ ਦੌਰਾਨ ਹੋਈ ਹਿੰਸਾ ਦੇ ਦੋਸ਼ ’ਚ ਫੜਿਆ ਗਿਆ ਸੀ। ਇਨ੍ਹਾਂ ਨਾਲ ਗੱਲ ਕਰਦੇ ਹੋਏ ਸਿਰਸਾ ਨੇ ਕਿਹਾ ਕਿ ਇਨ੍ਹਾਂ ਨੌਜਵਾਨਾਂ ਨੂੰ ਨਾਜਾਇਜ਼ ਕੇਸਾਂ ਦੇ ਅੰਦਰ ਫੜਿਆ ਗਿਆ ਹੈ। ਨੌਜਵਾਨਾਂ ਦਾ ਕਹਿਣਾ ਹੈ ਕਿ ਜਦੋਂ ਤਕ ਸਾਰੇ ਕਿਸਾਨ ਜੋ ਝੂਠੇ ਕੇਸਾਂ ’ਚ ਫੜੇ ਗਏ ਹਨ, ਬਾਹਰ ਨਹੀਂ ਆ ਜਾਂਦੇ, ਉਦੋਂ ਤਕ ਅੰਦੋਲਨ ਜਾਰੀ ਰਹਿਣਾ ਚਾਹੀਦਾ ਹੈ।
ਸੰਯੁਕਤ ਕਿਸਾਨ ਮੋਰਚਾ ਦੇ ਵਕੀਲ ਪੀ.ਐੱਸ. ਭੰਗੂ ਨੇ ਸਾਰੇ ਵਕੀਲਾਂ ਦੀ ਇਕ ਕਮੇਟੀ ਬਣਾਈ। ਜਿਨ੍ਹਾਂ ਨੇ ਵਟਸਐੱਪ ਗਰੁੱਪਾਂ ’ਚ ਮੈਸੇਜ ਪਾ ਕੇ ਕਿਹਾ ਕਿ ਜੇਕਰ ਕਿਸੇ ਨੂੰ ਲੋੜ ਹੈ ਤਾਂ ਅਸੀਂ ਤੁਹਾਡੇ ਨਾਲ ਖੜੇ ਹਾਂ।
ਸਿਰਸਾ ਨੇ ਕਿਹਾ ਕਿ ਗੱਦਾਰ ਕਹਿਲਾਉਣ ਨਾਲੋਂ ਮਰ ਜਾਣਾ ਮਨਜ਼ੂਰ ਹੈ ਪਰ ਅਪਣੇ ਭਰਾਵਾਂ ਦਾ ਸਾਥ ਨਹੀਂ ਛੱਡਾਂਗੇ। ਸਿਰਸਾ ਨੇ ਕਿਹਾ ਕਿ ਜਦੋਂ ਤਕ ਸਾਰੇ ਕਿਸਾਨਾਂ ਦੀਆਂ ਜ਼ਮਾਨਤਾਂ ਨਹੀਂ ਹੋ ਜਾਂਦੀਆਂ, ਉਦੋਂ ਤਕ ਸਾਰੇ ਵਕੀਲ ਲੜਾਈ ਲੜਦੇ ਰਹਿਣਗੇ। ਇਹ ਵਕੀਲ ਬਿਨਾਂ ਫ਼ੀਸ ਦੇ ਲੜਾਈ ਲੜ ਰਹੇ ਹਨ। (ਏਜੰਸੀ)