
ਸਰਕਾਰ ਦੇ ਆਨਾਕਾਨੀ ਰਵਈਏ ਨੂੰ ਜਵਾਬ ਦੇਣ ਲਈ ਕਿਸਾਨਾਂ ਨੇ ਉਲੀਕੇ ਨਵੇਂ ਪ੍ਰੋਗਰਾਮ
12 ਫ਼ਰਵਰੀ ਤੋਂ ਲੈ ਕੇ 18 ਫ਼ਰਵਰੀ ਤਕ ਵੱਖ-ਵੱਖ ਢੰਗਾਂ ਨਾਲ ਅੰਦੋਲਨ ਕੀਤਾ ਜਾਵੇਗਾ ਤੇਜ਼
ਸਿੰਘੂ ਬਾਰਡਰ , 10 ਫ਼ਰਵਰੀ : ਪਿਛਲੇ ਕਰੀਬ ਢਾਈ ਮਹੀਨਿਆਂ ਤੋਂ ਅਪਣੀਆਂ ਹੱਕੀ ਮੰਗਾਂ ਲਈ ਦਿੱਲੀ ਦੇ ਬਾਰਡਰਾਂ ’ਤੇ ਡਟੇ ਸਮੁੱਚੇ ਦੇਸ਼ ਦੇ ਕਿਸਾਨਾਂ ਨੇ ਹੁਣ ਸਖ਼ਤ ਫ਼ੈਸਲੇ ਲੈਣੇ ਸ਼ੁਰੂ ਕਰ ਦਿਤੇ ਹਨ। ਇਸ ਪਿਛੇ ਕਾਰਨ ਇਹ ਹੈ ਕਿ ਪਹਿਲਾਂ ਕੇਂਦਰ ਸਰਕਾਰ ਨੇ ਗੱਲਬਾਤ ਦੇ ਡਰਾਮੇ ਕਰ ਕੇ ਕਿਸਾਨ ਅੰਦੋਲਨ ਨੂੰ ਲੰਮਾ ਖਿੱਚਣ ਦੀ ਕੋਸ਼ਿਸ਼ ਕੀਤੀ। ਉਸ ਤੋਂ ਬਾਅਦ 26 ਜਨਵਰੀ ਨੂੰ ਸਰਕਾਰ ਦੇ ਇਸ਼ਾਰੇ ’ਤੇ ਹੋਈ ਹਿੰਸਾ ਨੂੰ ਕਿਸਾਨਾਂ ਦੇ ਗਲ ਮੜ੍ਹਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਪਰ ਫਿਰ ਵੀ ਕਿਸਾਨਾਂ ਨੇ ਸਬਰ ਬਣਾਈ ਰਖਿਆ।
ਪਿਛਲੇ ਦੋ ਦਿਨਾਂ ਤੋਂ ਲੋਕ ਸਭਾ ’ਚ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਸਮੇਤ ਸਮੁੱਚੀ ਭਾਜਪਾ ਲੀਡਰਸ਼ਿਪ ਵਲੋਂ ਬਿਆਨਬਾਜ਼ੀ ਕੀਤੀ ਗਈ ਉਸ ਤੋਂ ਕਿਸਾਨ ਆਗੂ ਕਾਫ਼ੀ ਨਿਰਾਸ਼ ਦਿਖਾਈ ਦਿਤੇ। ਅੱਜ ਦੀ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਈ, ਜਿਸ ਵਿਚ ਕਿਸਾਨ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ ਨਵੇਂ ਫ਼ੈਸਲੇ ਲਏ ਗਏ ਹਨ।ਇਸ ਮੀਟਿੰਗ ਵਿਚ ਅੰਦੋਲਨ ਨੂੰ ਹੋਰ ਤਿੱਖਾ ਕਰਨ ਤੇ ਸਾਰੇ ਸੂਬਿਆਂ ਦੇ ਕਿਸਾਨਾਂ ਨੂੰ ਨਾਲ ਜੋੜਨ ਦਾ ਉਪਰਾਲਾ ਕੀਤਾ ਜਾਵੇਗਾ ਤਾਕਿ ਸਰਕਾਰ ਦੇ ਕੰਨਾਂ ’ਤੇ ਜੂੰ ਸਰਕ ਸਕੇ।