
ਉਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਵਿਚ ਪਈਆਂ 60 ਫ਼ੀ ਸਦੀ ਵੋਟਾਂ
ਕਈ ਜ਼ਿਲਿ੍ਹਆਂ 'ਚ ਈ.ਵੀ.ਐਮ ਮਸ਼ੀਨਾਂ ਵਿਚ ਆਈ ਖ਼ਰਾਬੀ
ਲਖਨਊ, 10 ਫ਼ਰਵਰੀ : ਉਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੀ ਪਹਿਲੇ ਪੜਾਅ ਦੀ ਵੋਟਿੰਗ 'ਚ ਵੀਰਵਾਰ ਨੂੰ 11 ਜ਼ਿਲਿ੍ਹਆਂ ਦੀਆਂ 58 ਵਿਧਾਨ ਸਭਾ ਸੀਟਾਂ 'ਤੇ ਸ਼ਾਮ ਪੰਜ ਤਕ ਔਸਤਨ 60.17 ਫ਼ੀ ਸਦੀ ਵੋਟਾਂ ਪਈਆਂ | ਚੋਣ ਕਮਿਸ਼ਨ ਦਫ਼ਤਰ ਮੁਤਾਬਕ ਵੋਟਿੰਗ ਦਾ ਕੰਮ ਕੋਵਿਡ ਪੋ੍ਰਟੋਕਾਲ ਤਹਿਤ ਸਵੇਰੇ ਸੱਤ ਵਜੇ ਸ਼ੁਰੂ ਹੋਇਆ ਜੋ ਸ਼ਾਮ ਛੇ ਵਜੇ ਤਕ ਚਲਿਆ | ਕਮਿਸ਼ਨ ਮੁਤਾਬਕ ਸ਼ਾਮਲੀ 'ਚ 69.42 ਫ਼ੀ ਸਦੀ, ਮੁਜ਼ੱਫ਼ਰਨਗਰ 'ਚ 65.34 ਫ਼ੀ ਸਦੀ, ਮੇਰਠ 'ਚ 60.91 ਫ਼ੀ ਸਦੀ, ਬਾਗਪਤ 'ਚ 61.35 ਫ਼ੀ ਸਦੀ, ਗਾਜ਼ੀਆਬਾਦ 'ਚ 54.77 ਫ਼ੀ ਸਦੀ, ਹਾਪੁੜ 'ਚ 60.50 ਫ਼ੀ ਸਦੀ, ਗੌਤਮ ਬੁੱਧ ਨਗਰ 'ਚ 56.73 ਫ਼ੀ ਸਦੀ, ਬੁਲੰਦ ਸ਼ਹਿਰ 'ਚ 60.52 ਫ਼ੀ ਸਦੀ, ਅਲੀਗੜ੍ਹ 'ਚ 60.49 ਫ਼ੀ ਸਦੀ, ਮਥੁਰਾ 'ਚ ਔਸਤਨ 63.28 ਫ਼ੀ ਸਦੀ ਅਤੇ ਆਗਰਾ 'ਚ 60.33 ਫ਼ੀ ਸਦੀ ਵੋਟਿੰਗ ਹੋਈ |
ਪਹਿਲਾਂ ਤਾਂ ਠੰਢ ਕਾਰਨ ਵੋਟਾਂ ਦੀ ਰਫ਼ਤਾਰ ਮੱਠੀ ਰਹੀ ਪਰ ਦਿਨ ਚੜ੍ਹਦੇ ਹੀ ਇਸ ਨੇ ਤੇਜ਼ੀ ਫੜ ਲਈ | ਪਿਛਲੀਆਂ ਚੋਣਾਂ 'ਚ ਵੋਟਿੰਗ ਦਾ ਸਮਾਂ ਸ਼ਾਮ 5 ਵਜੇ ਤਕ ਸੀ ਪਰ ਇਸ ਵਾਰ ਕੋਵਿਡ-19 ਪ੍ਰੋਟੋਕਾਲ ਕਾਰਨ ਇਸ ਨੂੰ ਵਧਾ ਕੇ 6 ਵਜੇ ਤਕ ਕਰ ਦਿਤਾ ਗਿਆ ਹੈ |
ਸਮਾਜਵਾਦੀ ਪਾਰਟੀ ਨੇ ਕੈਰਾਨਾ ਵਿਧਾਨ ਸਭਾ ਦੇ ਕੁੱਝ ਪੋਲਿੰਗ ਸਟੇਸ਼ਨਾਂ 'ਤੇ ਗ਼ਰੀਬ ਵੋਟਰਾਂ ਨੂੰ ਡਰਾਉਣ ਧਮਕਾਉਣ ਅਤੇ ਵਾਪਸ ਭੇਜਣ ਦੀ ਚੋਣ ਕਮਿਸ਼ਨ ਕੋਲ ਸ਼ਿਕਾਇਤ ਕੀਤੀ | ਚੋਣ ਕਮਿਸ਼ਨ ਅਤੇ ਸ਼ਾਮਲੀ ਦੇ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਟੈਗ ਕਰਦੇ ਹੋਏ ਪਾਰਟੀ ਨੇ ਟਵੀਟ ਕੀਤਾ, ''ਸ਼ਾਮਲੀ ਜ਼ਿਲ੍ਹੇ ਦੇ ਕੈਰਾਨਾ-8 ਵਿਧਾਨ ਸਭਾ ਦੇ ਪਿੰਡ ਡੰਡੂਖੇੜਾ ਦੇ ਬੂਥ ਨੰਬਰ 347, 348, 349 ਅਤੇ 350 'ਤੇ ਗ਼ਰੀਬ ਵੋਟਰਾਂ ਨੂੰ ਡਰਾ ਧਮਕਾ ਕੇ ਲਾਈਨਾਂ ਤੋਂ ਵਾਪਸ ਭੇਜ ਦਿਤਾ ਗਿਆ | ਕਮਿਸ਼ਨ ਨੂੰ ਤੁਰਤ ਨੋਟਿਸ ਲੈਣਾ ਚਾਹੀਦੈ ਤੇ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਨਿਰਵਿਘਨ, ਡਰ-ਮੁਕਤ, ਨਿਰਪੱਖ ਮਤਦਾਨ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ |''
ਵਧੀਕ ਮੁੱਖ ਚੋਣ ਅਧਿਕਾਰੀ ਬ੍ਰਹਮਦੇਵ ਰਾਮ ਤਿਵਾੜੀ ਨੇ ਇਸ ਬਾਰੇ ਦਸਿਆ ਕਿ ਸਬੰਧਤ ਜ਼ਿਲ੍ਹਾ ਮੈਜਿਸਟਰੇਟ ਨੂੰ ਮਾਮਲੇ ਦੀ ਜਾਂਚ ਕਰ ਕੇ ਬਣਦੀ
ਕਾਰਵਾਈ ਕਰਨ ਲਈ ਕਿਹਾ ਗਿਆ | ਉਨ੍ਹਾਂ ਦਸਿਆ ਕਿ ਕੁੱਝ ਥਾਵਾਂ 'ਤੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਵਿਚ ਤਕਨੀਕੀ ਖ਼ਰਾਬੀ ਹੋਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਉਨ੍ਹਾਂ ਮਸ਼ੀਨਾਂ ਨੂੰ ਬਦਲ ਦਿਤਾ ਗਿਆ | ਉਨ੍ਹਾਂ ਅਨੁਸਾਰ ਸ਼ੁਰੂ ਵਿਚ ਕੁੱਝ ਥਾਵਾਂ 'ਤੇ ਵੋਟਿੰਗ ਮਸ਼ੀਨਾਂ ਵਿਚ ਬੇਨਿਯਮੀਆਂ ਦੀਆਂ ਸ਼ਿਕਾਇਤਾਂ ਮਿਲੀਆਂ ਸਨ, ਜਿਨ੍ਹਾਂ ਨੂੰ ਕੁੱਝ ਸਮੇਂ ਬਾਅਦ ਹੱਲ ਕਰ ਲਿਆ ਗਿਆ |