
111 ਦਿਨਾਂ ਦੇ ਕਾਰਜਕਾਲ ਵਿਚ ਨਾ ਮੈਂ ਖ਼ੁਦ ਸੁੱਤਾ ਅਤੇ ਨਾ ਅਫ਼ਸਰਾਂ ਨੂੰ ਸੌਣ ਦਿਤਾ : ਚੰਨੀ
ਕਿਹਾ, ਬਦਲਾਅ ਲਿਆਉਣ ਦੀਆਂ ਗੱਲਾਂ ਕਰਨ ਵਾਲਿਆਂ ਦੇ ਬਹੁਤੇ ਉਮੀਦਵਾਰ ਅਕਾਲੀ ਦਲ ਤੇ ਕਾਂਗਰਸ ਦੇ ਭਗੌੜੇ
ਅਬੋਹਰ, 10 ਫ਼ਰਵਰੀ (ਕੁਲਦੀਪ ਸਿੰਘ ਸੰਧੂ) : ਤੁਹਾਡੇ ਵਲੋਂ ਬਖਸ਼ੇ ਪਿਆਰ ਸਦਕਾ ਬਤੌਰ ਮੁੱਖ ਮੰਤਰੀ 111 ਦਿਨਾਂ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਹਰ ਵਰਗ ਦੇ ਭਲੇ ਲਈ ਕੰਮ ਕੀਤਾ | ਇਸ ਦੌਰਾਨ ਨਾ ਮੈਂ ਸੁੱਤਾ ਤੇ ਨਾ ਮੈਂ ਅਫ਼ਸਰਾਂ ਨੂੰ ਸੌਣ ਦਿਤਾ | ਅਸੀਂ ਰਲ ਕੇ ਤਿੰਨ-ਤਿੰਨ ਸ਼ਿਫਟਾਂ ਵਿਚ ਪੰਜਾਬ ਦੇ ਭਲੇ ਲਈ ਕੰਮ ਕੀਤਾ ਹੈ |
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇੱਥੇ ਇਕ ਪੈਲੇਸ ਵਿਚ ਬੱਲੂਆਣਾ ਹਲਕੇ ਤੋਂ ਉਮੀਦਵਾਰ ਬੀਬੀ ਰਜਿੰਦਰ ਕੌਰ ਰਾਜਪੁਰਾ ਦੇ ਹੱਕ ਵਿਚ ਚੋਣ ਸਭਾ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਬਦਲਾਅ ਲਿਆਉਣ ਦੀਆਂ ਗੱਲਾਂ ਕਰਨ ਵਾਲੇ ਆਮ ਆਦਮੀ ਪਾਰਟੀ ਕੋਲ ਬਹੁਤੇ ਉਮੀਦਵਾਰ ਅਜਿਹੇ ਹਨ ਜਿਨ੍ਹਾਂ ਨੂੰ ਕਾਂਗਰਸ ਜਾਂ ਅਕਾਲੀ ਦਲ ਵਲੋਂ ਨਕਾਰਿਆ ਹੋਇਆ ਹੈ | ਉਨ੍ਹਾਂ ਕਿਹਾ ਕਿ 111 ਦਿਨਾਂ ਵਿਚ ਹਰ ਵਰਗ ਦੇ ਲੋਕਾਂ ਤਕ ਰਾਹਤ ਪਹੁੰਚਾਉਣ ਲਈ ਕੰਮ ਕੀਤਾ ਗਿਆ | ਬਿਜਲੀ ਪਾਣੀ ਦੇ ਬਿੱਲਾਂ ਦਾ ਬਕਾਇਆ ਕਰੋੜਾਂ ਰੁਪਏ ਸਰਕਾਰ ਨੇ ਮੁਆਫ਼ ਕੀਤੇ, ਪੈਟਰੋਲ, ਡੀਜਲ ਦੀਆਂ ਕੀਮਤਾਂ ਵਿਚ 10 ਰੁਪਏ ਤੇ ਪੰਜ ਰੁਪਏ ਦਾ ਕੱਟ ਲਾਇਆ, ਬਿਜਲੀ ਪਾਣੀ ਦੇ ਰੇਟ ਘਟਾਏ ਗਏ | ਉਨ੍ਹਾਂ ਕਿਹਾ ਕਿ ਤੁਸੀਂ ਬਾਦਲ ਤੇ ਅਮਰਿੰਦਰ ਸਿੰਘ ਨੂੰ ਮੌਕੇ ਦੇ ਕੇ ਵੇਖ ਲਿਆ ਹੁਣ ਪੰਜ ਸਾਲ ਦਾ ਪੂਰਾ ਮੌਕਾ ਇਕ ਵਾਰੀ ਦੇ ਦਿਉ ਸਾਰੇ ਮਸਲੇ ਹੱਲ ਕਰ ਦਿਆਂਗਾ |
ਉਨ੍ਹਾਂ ਕਿਹਾ ਕਿ 111 ਦਿਨਾਂ ਵਿਚ ਜੋ ਕੰਮ ਕਾਜ ਕੀਤਾ ਗਿਆ ਉਸ ਨੂੰ ਵੇਖਦਿਆਂ ਲੋਕਾਂ ਨੇ ਘਰ-ਘਰ ਚੱਲੀ ਗੱਲ ਚੰਨੀ ਕਰਦਾ ਮਸਲੇ ਹੱਲ ਵਰਗੇ ਨਾਹਰੇ ਪਿਆਰ ਵਜੋਂ ਦਿਤੇ ਹਨ |
ਉਨ੍ਹਾਂ ਕਿਹਾ ਕਿ ਤੁਸੀਂ ਬੱਲੂਆਣਾ ਹਲਕੇ ਤੋਂ ਰਾਜਿੰਦਰ ਕੌਰ ਵਰਗੀ ਪੜ੍ਹੀ-ਲਿਖੀ ਉਮੀਦਵਾਰ ਨੂੰ ਜਿਤਾ ਕੇ ਭੇਜ ਦਿਉ ਮੰਤਰੀ ਬਣਾਉਣ ਦੀ ਜ਼ਿੰਮੇਵਾਰੀ ਮੇਰੀ ਹੋਵੇਗੀ | ਉਨ੍ਹਾਂ ਕਿਹਾ ਕਿ ਸਰਕਾਰ ਬਣਨ 'ਤੇ ਪੰਜਾਬ ਦੇ ਲੋਕਾਂ ਦੇ ਸਾਰੇ ਮਸਲੇ ਹੱਲ ਕਰਾਂਗੇ | ਸਿਖਿਆ ਸਿਹਤ ਸਬੰਧੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਰਹਿਣ ਦੇਣੀ | ਬੱਲੂਆਣਾ ਹਲਕੇ ਵਿਚ ਪੀਣ ਵਾਲੇ ਸਿੰਚਾਈ ਲਈ ਪਾਣੀ ਦੀ ਸਮੱਸਿਆ ਨੂੰ ਪੂਰਨ ਤੌਰ 'ਤੇ ਹੱਲ ਕੀਤਾ ਜਾਵੇਗਾ ਅਤੇ ਸੇਮ ਦੀ ਸਮੱਸਿਆ ਨੂੰ ਵੀ ਨਿਪਟਾਇਆ ਜਾਵੇਗਾ |
ਇਸ ਮੌਕੇ 'ਤੇ ਕੰਪੇਨ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੈਨਸ਼ਨ, ਸ਼ਗਨ ਸਕੀਮ ਦੀ ਰਾਸ਼ੀ ਵਿਚ ਵਾਧਾ ਕੀਤਾ ਗਿਆ | ਗ਼ਰੀਬਾਂ ਤੇ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਗਿਆ | ਜੋ ਕੰਮ ਕਾਂਗਰਸ ਦੀ ਸਰਕਾਰ ਨੇ ਕੀਤੇ ਹਨ ਉਹ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਨੇ ਕਦੇ ਨਹੀਂ ਕੀਤੇ | ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਾਉਣ ਲਈ ਰਜਿੰਦਰ ਕੌਰ ਨੂੰ ਜਿਤਾ ਕੇ ਭੇਜੋ |
ਉਨ੍ਹਾਂ ਮੁੱਖ ਮੰਤਰੀ ਅੱਗੇ ਅਬੋਹਰ-ਬੱਲੂਆਣਾ ਅਤੇ ਫਾਜ਼ਿਲਕਾ ਜ਼ਿਲ੍ਹੇ ਦੇ ਲੋਕਾਂ ਦੀ ਵੱਡੀ ਮੁਸ਼ਕਲ ਰਖਦਿਆਂ ਕਿਹਾ ਕਿ ਇੱਥੇ ਪਾਣੀ ਦੀ ਸਮੱਸਿਆ ਹੈ ਇਸ ਨੂੰ ਪਹਿਲ ਦੇ ਆਧਾਰ 'ਤੇ ਸਰਕਾਰ ਬਣਨ 'ਤੇ ਹੱਲ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਕੋਈ ਮੁਸ਼ਕਲ ਨਾ ਆਵੇ | ਇਸ ਦੇ ਜਵਾਬ 'ਤੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸਰਕਾਰ ਬਣਨ ਤੋਂ ਬਾਅਦ ਜੋ ਜਾਖੜ ਸਾਹਬ ਕਹਿਣਗੇ ਉਹ ਕੀਤਾ ਜਾਵੇਗਾ ਤੇ ਉਹ ਖਾਲੀ ਚੈਕਾਂ 'ਤੇ ਸਾਈਨ ਕਰ ਕੇ ਦੇ ਦੇਣਗੇ | ਤੁਹਾਡੇ ਇਲਾਕੇ ਵਿਚ ਕੋਈ ਮੁਸ਼ਕਲ ਨਹੀਂ ਰਹਿਣ ਦੇਣੀ | ਇਸ ਮੌਕੇ ਰਜਿੰਦਰ ਕੌਰ ਰਾਜਪੁਰਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੁਨੀਲ ਜਾਖੜ ਦਾ ਧਨਵਾਦ ਕੀਤਾ | ਉਨ੍ਹਾਂ ਲੋਕਾਂ ਨੂੰ ਕਿਹਾ ਕਿ ਮੈਨੂੰ ਇਕ ਵਾਰ ਸੇਵਾ ਦਾ ਮੌਕਾ ਦਿਓ | ਮੈਂ ਲੋਕਾਂ ਦੀਆਂ ਉਮੀਦਾਂ 'ਤੇ ਖਰੀ ਉਤਰਾਂਗੀ |
ਇਸ ਮੌਕੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਹੇ ਵਰਿੰਦਰ ਸਿੰਘ ਖ਼ਾਲਸਾ ਅਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗੁਣਵੰਤ ਸਿੰਘ ਪੰਜਾਵਾ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸੁਨੀਲ ਜਾਖੜ ਨੇ ਕਾਂਗਰਸ ਵਿਚ ਸ਼ਾਮਲ ਕੀਤਾ | ਇਸ ਦੌਰਾਨ ਗੁਣਵੰਤ ਸਿੰਘ ਨੇ ਕਿਹਾ ਕਿ ਅਬੋਹਰ ਤੇ ਬੱਲੂਆਣਾ ਹਲਕੇ ਵਿਚ ਕਾਂਗਰਸ ਦੇ ਉਮੀਦਵਾਰਾਂ ਨੂੰ ਜਿਤਾ ਕੇ ਵਿਧਾਨ ਸਭਾ ਵਿਚ ਭੇਜਿਆ ਜਾਵੇਗਾ |
ਦੱਸਣਯੋਗ ਹੈ ਕਿ ਗੁਣਵੰਤ ਸਿੰਘ ਸੰਯੁਕਤ ਕਿਸਾਨ ਮੋਰਚੇ ਦਾ ਸੀਨੀਅਰ ਆਗੂ ਵੀ ਹੈ | ਇਸ ਦੌਰਾਨ ਮੰਚ ਦਾ ਸੰਚਾਲਨ ਸਤਨਾਮ ਸਿੰਘ ਬੁਰਜਾਂ ਵਲੋਂ ਕੀਤਾ ਗਿਆ |
ਇਸ ਮੌਕੇ ਸ਼ੇਰ ਸਿੰਘ ਘੁਬਾਇਆ,ਫਿਲਮੀ ਅਦਾਕਾਰ ਯੋਗਰਾਜ ਸਿੰਘ, ਸੁਖਵੰਤ ਸਿੰਘ ਬਰਾੜ, ਜਗਪਾਲ ਸਿੰਘ ਅਬੁਲ ਖੁਰਾਣਾ, ਮੋਹਨ ਲਾਲ ਠਠਈ ਨਗਰ ਕਾਂਗਰਸ ਪ੍ਰਧਾਨ, ਵਿਮਲ ਠਠਈ ਮੇਅਰ, ਸੁਧੀਰ ਨਾਗਪਾਲ, ਗੁਰਪ੍ਰੀਤ ਸਿੰਘ ਕਿੱਕਰਖੇੜਾ, ਰਾਜ ਸਿੰਘ ਸਰਪੰਚ ਬਹਾਵਵਾਲਾ, ਹਰਜੀਵਨ ਸਿੰਘ ਬਹਾਵਵਾਲਾ, ਰਾਜਾ ਕੁੰਡਲ ਬਲਾਕ ਪ੍ਰਧਾਨ, ਮਨਫੂਲ ਕੰਬੋਜ ਬੱਲੂਆਣਾ, ਗੁਰਬਚਨ ਸਿੰਘ ਸਰਾਂ, ਬਲਤੇਜ ਸਿੰਘ ਤੋਂ ਇਲਾਵਾ ਹੋਰ ਆਗੂ ਵੀ ਹਾਜ਼ਰ ਸਨ |
ਐਫ.ਜੇਡ.ਕੇ._10_03-ਹਲਕਾ ਬੱਲੂਆਣਾ ਵਿਖੇ ਰਾਜਿੰਦਰ ਕੌਰ ਰਾਜਪੁਰਾ ਦੇ ਹੱਕ ਵਿਚ ਚੋਣ ਸਭਾ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ |
ਤਸਵੀਰ:ਕੁਲਦੀਪ ਸਿੰਘ ਸੰਧੂ
ਐਫ.ਜੇਡ.ਕੇ._10_03ਏ-ਇਸ ਮੌਕੇ 'ਤੇ ਲੋਕਾਂ ਦਾ ਇਕੱਠ |
ਤਸਵੀਰ:ਕੁਲਦੀਪ ਸਿੰਘ ਸੰਧੂ
ਐਫ.ਜੇਡ.ਕੇ._10_03ਬੀ-ਬੱਲੂਆਣਾ ਹਲਕੇ ਦੀ ਚੋਣ ਸਭਾ ਵਿਚ ਪਹੁੰਚੇ ਸੁਨੀਲ ਜਾਖੜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਸਵਾਗਤ ਕਰਦੇ ਹੋਏ ਕਾਂਗਰਸ ਦੇ ਆਗੂ |
ਤਸਵੀਰ:ਕੁਲਦੀਪ ਸਿੰਘ ਸੰਧੂ