
ਜੇਕਰ ਭਾਜਪਾ ਨੂੰ ਵੋਟ ਪਾਉਣੀ ਹੈ ਤਾਂ ਸਿੱਧੀ ਪਾਓ, ਏਜੰਟਾਂ ਦਾ ਸਹਾਰਾ ਨਾ ਲਓ।
ਚੰਡੀਗੜ੍ਹ: ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਤੇ ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਾਂਗਰਸ ਭਵਨ ਵਿਖੇ ਪ੍ਰੈੱਸ ਕਾਨਫਰੰਸ ਕੀਤੀ ਗਈ ਤੇ ਵਿਰੋਧੀਆਂ ਨੂੰ ਲੰਮੇ ਹੱਥ੍ਹੀਂ ਲਿਆ ਤੇ ਲੋਕਾਂ ਨੂੰ ਅਪੀਲ ਕੀਤੀ। ਸੁਨੀਲ ਜਾਖੜ ਨੇ ਵਿਰੋਧੀਆਂ 'ਤੇ ਤੰਜ਼ ਕੱਸਦੇ ਹੋਏ ਕਿਹਾ ਕਿ ਅਕਾਲੀ ਦਲ, ਆਪ ਤੇ ਭਾਜਪਾ, ਇਹ ਤਿੰਨੇ ਪਾਰਟੀਆਂ ਅੰਦਰਖਾਤੇ ਰਲੀਆਂ ਹੋਈਆਂ ਹਨ, ਤੁਸੀਂ ਭਾਵੇਂ ਕਿਸੇ ਨੂੰ ਵੀ ਵੋਟ ਪਾਓ ਪਰ ਇਹ ਵੋਟ ਸਿਰਫ਼ ਭਾਜਪਾ ਨੂੰ ਹੀ ਜਾਵੇਗੀ ਕਿਉਂਕਿ ਇਹ ਭਾਜਪਾ ਦੇ ਏਜੰਟ ਹਨ। ਇਸ ਲਈ ਜੇਕਰ ਭਾਜਪਾ ਨੂੰ ਵੋਟ ਪਾਉਣੀ ਹੈ ਤਾਂ ਸਿੱਧੀ ਪਾਓ, ਏਜੰਟਾਂ ਦਾ ਸਹਾਰਾ ਨਾ ਲਓ।
Sunil Jakhar
ਜਾਖੜ ਨੇ ਕਿਹਾ ਕਿ ਏਜੰਟਾਂ ਦੇ ਝਾਂਸੇ ਵਿੱਚ ਨਾ ਆਓ, ਕਿਉਂਕਿ ਇੱਕ ਪਾਸੇ ਕਾਂਗਰਸ ਅਤੇ ਇੱਕ ਪਾਸੇ ਭਾਜਪਾ ਤੇ ਉਸਦੇ ਏਜੰਟ ਹਨ। ਕੈਪਟਨ ਅਮਰਿੰਦਰ ਸਿੰਘ ਦੇ ਉਮੀਦਵਾਰਾਂ ਨੇ ਕਿਹਾ ਸੀ ਕਿ ਉਹ ਭਾਜਪਾ ਦੇ ਚੋਣ ਨਿਸ਼ਾਨ 'ਤੇ ਚੋਣ ਲੜਨਾ ਚਾਹੁੰਦੇ ਹਨ ਤਾਂ ਫਿਰ ਉਹ ਇਕ ਪਾਸੇ ਹੋ ਜਾਣ ਅਤੇ ਭਾਜਪਾ ਦੇ ਚੋਣ ਨਿਸ਼ਾਨ 'ਤੇ ਹੀ ਚੋਣ ਲੜਨ, ਲੋਕਾਂ ਨੂੰ ਭੰਬਲਭੂਸੇ 'ਚ ਕਿਉਂ ਪਾਇਆ ਹੋਇਆ ਹੈ? ਜੇ ਤੁਸੀਂ ਸਾਰੇ ਭਾਜਪਾ ਦੇ ਨਾਲ ਹੀ ਹੋ ਤਾਂ ਫਿਰ ਇਕੋ ਪਾਰਟੀ ਵਿਚ ਰਹਿ ਕੇ ਚੋਣ ਲੜੋ, ਐਵੇਂ ਅਲੱਗ ਪਾਰਟੀਆਂ ਬਣਾ ਕੇ ਲੋਕਾਂ ਨੂੰ ਨਾ ਭੰਬਲਭੂਸੇ ਵਿਚ ਪਾਓ।
Arvind Kejriwal
ਸੁਨੀਲ ਜਾਖੜ ਨੇ ਸੰਯੁਕਤ ਸਮਾਜ ਮੋਰਚੇ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਲੋਕਾਂ ਨੂੰ ਸਮਝਣਾ ਪਵੇਗਾ ਕਿ ਕੇਂਦਰ ਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ 700 ਤੋਂ ਜ਼ਿਆਦਾ ਕਿਸਾਨਾਂ ਨੇ ਜੋ ਕੁਰਬਾਨੀਆਂ ਦਿੱਤੀਆਂ ਹਨ ਉਹ ਕੁਰਬਾਨੀਆਂ ਵਿਅਰਥ ਨਾ ਜਾਣ। ਸੰਯੁਕਤ ਸਮਾਜ ਮੋਰਚੇ ਨੂੰ ਵੀ ਅਪੀਲ ਕਰਦਾ ਹਾਂ ਕਿ ਸਿੱਧੇ ਜਾਂ ਅਸਿੱਧੇ ਕਿਸੇ ਵੀ ਤਰ੍ਹਾਂ ਨਾਲ ਭਾਜਪਾ ਦੀ ਮਦਦ ਨਾ ਕਰੋ। ਉਨ੍ਹਾਂ ਅਕਾਲੀ ਦਲ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪੰਜਾਬ ਚੋਣਾਂ ਵਿਚ ਸਭ ਤੋਂ ਅਮੀਰ ਮੋਹਾਲੀ ਵਿਚ ਆਮ ਆਦਮੀ ਪਾਰਟੀ ਦਾ ਉਮੀਦਵਾਰ ਹੈ, ਜਦਕਿ ਦੂਜਾ ਅਮੀਰ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਬਾਦਲ ਹੈ।
Sunil Jakhar
ਇਸ ਦੇ ਨਾਲ ਹੀ ਦੱਸ ਦਈਏ ਕਿ ਸੁਨੀਲ ਜਾਖੜ ਨੇ ਕਾਂਗਰਸ ਦੀ ਸੀਨੀਅਰ ਮਹਿਲਾ ਆਗੂ ਅੰਬਿਕਾ ਸੋਨੀ ਉੱਤੇ ਵੱਡਾ ਇਲਜ਼ਾਮ ਲਾਇਆ। ਸੁਨੀਲ ਜਾਖੜ ਨੇ ਕਿਹਾ ਕਿ ‘ਜਦੋਂ ਮੇਰੇ ਹੱਕ ਵਿੱਚ 40 ਵਿਧਾਇਕ ਸਨ ਤਾਂ ਮੈਨੂੰ ਮੁੱਖ ਮੰਤਰੀ ਨਹੀਂ ਬਣਾਇਆ ਗਿਆ। ਮੈਂ ਅੰਬਿਕਾ ਸੋਨੀ ਨੂੰ ਉਸ ਸਮੇਂ ਵੀ ਕਿਹਾ ਸੀ ਕਿ ਉਹਨਾਂ ਨੇ ਪੰਜਾਬ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਸੁਨੀਲ ਜਾਖੜ ਨੇ ਕਿਹਾ ਕਿ ਅੰਬਿਕਾ ਸੋਨੀ ਨੇ ਮੇਰੇ ਮੁੱਖ ਮੰਤਰੀ ਬਣਨ ਦਾ ਵਿਰੋਧ ਕੀਤਾ ਸੀ। ਮੈਂ ਅੰਬਿਕਾ ਸੋਨੀ ਨੂੰ ਕਿਹਾ ਸੀ, ਤੁਸੀਂ ਪੰਜਾਬੀਆਂ ਦੀ ਪਿੱਠ ਚ ਛੁਰਾ ਮਾਰਿਆ'। ਜਾਖੜ ਨੇ ਕਿਹਾ ਕਿ 3-4 ਲੀਡਰਾਂ ਨੇ ਹਾਈਕਮਾਨ ਕੋਲ ਗਲਤ ਫੀਡਬੈਕ ਪਹੁੰਚਾਈ। ਹਾਈਕਮਾਨ ਨੂੰ ਮੇਰੇ 'ਤੇ ਪੂਰਾ ਭਰੋਸਾ ਹੈ। ਪੰਜਾਬ ਦੀ ਖੈਰੀਅਤ ਨੂੰ ਸਾਹਮਣੇ ਰੱਖ ਕੇ ਫੈਸਲਾ ਲਿਆ ਗਿਆ ਹੈ।
Sunil Jakhar , Narendra Modi
ਸੁਨੀਲ ਜਾਖੜ ਨੇ ਕਿਹਾ ਕਿ ਮੇਰਾ ਹੋਰ ਪਾਰਟੀਆਂ ਨੂੰ ਵੀ ਸਵਾਲ ਹੈ ਕਿ ਉਹ ਹਿੰਦੂ ਮੁੱਖ ਮੰਤਰੀ ਬਣਾਉਣ ਦੀ ਗੱਲ ਕਿਉਂ ਨਹੀਂ ਕਰ ਰਿਹਾ? ਚਾਹੇ ਆਮ ਆਦਮੀ ਪਾਰਟੀ ਹੋਵੇ ਜਾਂ ਅਕਾਲੀ ਦਲ, ਉਹ ਹਿੰਦੂ ਅਤੇ ਐਸਸੀ ਨੂੰ ਉਪ ਮੁੱਖ ਮੰਤਰੀ ਬਣਾਉਣ ਦੀ ਗੱਲ ਕਿਉਂ ਕਰ ਰਹੇ ਹਨ?' ਇਸ ਪ੍ਰੈਸ ਕਾਨਫਰੰਸ ਦੌਰਾਨ ਕਾਂਗਰਸੀ ਆਗੂ ਹਿਮਾਂਸ਼ੂ ਪਾਠਕ ਨੇ ਦੋਸ਼ ਲਾਉਂਦਿਆਂ ਕਿਹਾ ਕਿ ਕੇਜਰੀਵਾਲ ਅਤੇ ਮੋਦੀ ਮਿਲੇ ਹੋਏ ਹਨ। ਉਨ੍ਹਾਂ ਕਿਹਾ ਕਿ ਦਿੱਲੀ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਪੋਸਟਰ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪ੍ਰਧਾਨ ਮੰਤਰੀ ਲਈ ਮੋਦੀ ਲਿਖਿਆ ਸੀ, ਜਿਸ ਤੋਂ ਸਪੱਸ਼ਟ ਹੈ ਕਿ ਇਹ ਰਲੇ ਹੋਏ ਹਨ।