
ਜੱਟ ਦੀ ਪਹਿਲੀ ਪਸੰਦ ਫੋਰਡ ਟਰੈਕਟਰ ਹੁਣ ਬਣੇਗਾ ਕੈਨੇਡਾ ਦੀਆਂ ਸੜਕਾਂ ਦਾ ਸ਼ਿੰਗਾਰ
ਪਿੰਡ ਰੌਲੀ ਦੇ ਨੰਬਰਦਾਰ ਜਗਰਾਜ ਸਿੰਘ ਨੇ ਕੈਨੇਡਾ ਰਹਿੰਦੇ ਆਪਣੇ ਪੁੱਤ ਤੇ ਪੋਤੇ ਨੂੰ ਭੇਜਿਆ
ਫੋਰਡ ਟਰੈਕਟਰ ਅਤੇ ਬੁਲਟ ਮੋਟਰਸਾਈਕਲ ਭੇਜਣ ਦਾ ਮਕਸਦ, ਮੇਰੇ ਪੁੱਤ ਤੇ ਪੋਤੇ ਆਪਣੇ ਪੰਜਾਬ ਤੇ ਮਿੱਟੀ ਅਤੇ ਵਿਰਸੇ ਨਾਲ ਜੁੜੇ ਰਹਿਣ - ਜੁਗਰਾਜ ਸਿੰਘ ਨੰਬਰਦਾਰ
Moga News: ਮੋਗਾ - ਬੇਸ਼ੱਕ ਅੱਜ ਸਾਡੀ ਨੌਜਵਾਨ ਪੀੜੀ ਬੇਰੁਜ਼ਗਾਰ ਹੋਣ ਦੇ ਬਾਵਜੂਦ ਕੈਨੇਡਾ ਵਿਚ ਵੱਡੇ ਪੱਧਰ 'ਤੇ ਜਾ ਰਹੀ ਹੈ ਪਰ ਕੈਨੇਡਾ ਵਿਚ ਪੱਕੇ ਤੌਰ 'ਤੇ ਸੈਟਲ ਹੋ ਚੁੱਕੇ ਸਾਡੇ ਪੰਜਾਬੀ ਨੌਜਵਾਨ ਅੱਜ ਵੀ ਸਾਡੇ ਪੰਜਾਬ ਤੇ ਪਿੰਡ ਦੀ ਮਿੱਟੀ ਅਤੇ ਆਪਣੇ ਪੁਰਾਤਨ ਵਿਰਸੇ, ਖੇਤੀ ਦੇ ਨਾਲ ਜੁੜੇ ਹੋਏ ਹਨ ਬੇਸ਼ੱਕ ਸਾਡੇ ਨੌਜਵਾਨ ਵਿਦੇਸ਼ਾਂ ਵਿਚ ਹਨ ਪਰ ਉਹ ਆਪਣੇ ਪਰਿਵਾਰਾਂ ਨਾਲ ਸਾਂਝ ਰੱਖਦੇ ਹੋਏ ਆਪਣੇ ਖੇਤੀ ਸੰਦਾਂ ਪ੍ਰਤੀ ਮੋਹ ਦੀਆਂ ਗੰਡਾਂ ਨੂੰ ਮਜ਼ਬੂਤ ਕਰਦੇ ਹੋਏ ਹਮੇਸ਼ਾ ਹੀ ਇਹ ਕਹਿੰਦੇ ਨਜ਼ਰ ਆਉਂਦੇ ਹਨ ਕਿ ਜੇਕਰ ਅਸੀਂ ਪੰਜਾਬ ਹੁੰਦੇ ਤਾਂ ਆਪਣੇ ਟਰੈਕਟਰ ਬੜੇ ਚਾਹ ਨਾਲ ਤਿਆਰ ਕਰਵਾ ਕੇ ਖੇਤੀ ਕਰਦੇ।
ਹੁਣ ਇਕ ਬਾਪ ਨੇ ਕੈਨੇਡਾ ਰਹਿੰਦੇ ਅਪਣੇ ਪੁੱਤ ਦਾ ਸ਼ੌਕ ਪੂਰਾ ਕੀਤਾ ਹੈ। ਪਿੰਡ ਰੌਲੀ ਦੇ ਰਹਿਣ ਵਾਲੇ ਜੁਗਰਾਜ ਸਿੰਘ ਨੰਬਰਦਾਰ ਨੇ ਆਪਣੇ ਪੁੱਤ ਤੇ ਪੋਤੇ ਲਈ ਫੋਰਡ ਟਰੈਕਟਰ ਅਤੇ ਬੁਲਟ ਮੋਟਰਸਾਈਕਲ ਮੌਡੀਫਾਈਡ ਨਵਾਂ ਮਾਡਲ (3620) ਤਿਆਰ ਕਰਾ ਕੇ ਕੈਨੇਡਾ ਭੇਜਣ ਦੀ ਤਿਆਰੀ ਕਰ ਲਈ ਹੈ। ਨੰਬਰਦਾਰ ਜੁਗਰਾਜ ਸਿੰਘ ਨੇ ਕਿਹਾ ਕਿ ਇਸ ਨਾਲ ਜਿੱਥੇ ਬੱਚਿਆ ਦਾ ਸ਼ੌਂਕ ਪੂਰਾ ਹੋਵੇਗਾ, ਉੱਥੇ ਹੀ ਉਹ ਪੰਜਾਬ ਅਤੇ ਆਪਣੇ ਵਿਰਸੇ ਨਾਲ ਜੁੜੇ ਰਹਿਣਗੇ।
ਇਸ ਸਬੰਧੀ ਪਿੰਡ ਵਾਸੀਆਂ ਨੇ ਕਿਹਾ ਕਿ ਜੁਗਰਾਜ ਸਿੰਘ ਦਾ ਪਰਿਵਾਰ ਸ਼ੁਰੂ ਤੋਂ ਹੀ ਖੇਤੀਬਾੜੀ ਨਾਲ ਜੁੜਿਆ ਹੋਇਆ ਹੈ, ਇਸ ਕਰ ਕੇ ਉਹ ਅਪਣੇ ਕੈਨੇਡਾ ਰਹਿੰਦੇ ਪੁੱਤ ਨੂੰ ਟਰੈਕਟਰ ਕੈਨੇਡਾ ਭੇਜ ਰਹੇ ਹਨ। ਫੋਰਡ ਟਰੈਕਟਰ ਅਤੇ ਬੁਲਟ ਮੋਟਰਸਾਈਕਲ ਨੂੰ ਕੈਨੇਡਾ ਰਵਾਨਾ ਕਰਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਜੁਗਰਾਜ ਸਿੰਘ ਨੰਬਰਦਾਰ ਅਤੇ ਹੋਰ ਪਿੰਡ ਵਾਸੀਆਂ ਨੇ ਕਿਹਾ ਕਿ ਫੋਰਡ ਟਰੈਕਟਰ ਇੱਕ ਅਜਿਹਾ ਟਰੈਕਟਰ ਹੈ, ਜੋ ਅੱਜ ਵੱਡੇ ਖੇਤੀ ਸੰਦ ਵਜੋਂ ਖੇਤਾਂ ਵਿਚ ਵਰਤਿਆ ਜਾਂਦਾ ਹੈ ਪਰ, ਕੈਨੇਡਾ ਵਿੱਚ ਪੁੱਤਰ ਇਸ ਟਰੈਕਟਰ ਨੂੰ ਉੱਥੇ ਹੁੰਦੇ ਨਗਰ ਕੀਰਤਨ, ਮੇਲਿਆਂ, ਮੁਕਾਬਲਿਆਂ ਆਦਿ ਵਿਚ ਵਰਤਣਾ ਚਾਹੁੰਦਾ ਹੈ।
Jugraj Singh
ਇਸ ਤੋਂ ਇਲਾਵਾ, ਕੈਨੇਡਾ ਬੈਠੇ ਪੁੱਤਰ ਦਾ ਕਹਿਣਾ ਹੈ ਕਿ ਟਰੈਕਟਰ ਸਿਰਫ਼ ਖੇਤੀ ਵਿਚ ਨਹੀਂ, ਸਗੋਂ ਜਦੋਂ ਉਸ ਦੇ ਘਰ ਬਾਹਰ ਖੜਾ ਹੋਵੇਗਾ, ਤਾਂ ਘਰ ਨੂੰ ਵੱਖਰੀ ਪਛਾਣ ਦੇਵੇਗਾ ਅਤੇ ਨਾਲ ਹੀ ਟਰੈਕਟਰ ਕੈਨੇਡਾ ਵਿਚ ਪੈਂਦੀ ਭਾਰੀ ਮਾਤਰਾ ਵਿਚ ਬਰਫ਼ ਨੂੰ ਹਟਾਉਣ ਵਿਚ ਵੀ ਮਦਦ ਕਰੇਗਾ। ਨਾਲ ਹੀ, ਜੁਗਰਾਜ ਸਿੰਘ ਨੇ ਦੱਸਿਆ ਕਿ ਪੋਤਾ ਉੱਥੇ ਹੀ ਹੈ, ਜੇਕਰ ਉਸ ਦੀਆਂ ਅੱਖਾਂ ਸਾਹਮਣੇ ਅਜਿਹੀਆਂ ਚੀਜ਼ਾਂ ਰਹਿਣਗੀਆਂ, ਤਾਂ ਉਹ ਵੀ ਪੰਜਾਬੀ ਵਿਰਸੇ ਤੋਂ ਜਾਣੂ ਹੋਵੇਗਾ।
ਜੁਗਰਾਜ ਸਿੰਘ ਦੀ ਇਸ ਪਹਿਲ ਕਦਮੀ ਉੱਤੇ ਪਿੰਡ ਵਾਸੀਆਂ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਇਹ ਪਰਿਵਾਰਕ ਰਿਸ਼ਤਿਆਂ ਨੂੰ ਮਜਬੂਤ ਕਰਨ ਲਈ ਸਾਡੇ ਨੰਬਰਦਾਰ ਸਾਹਿਬ ਵੱਲੋਂ ਬੱਚਿਆਂ ਨੂੰ ਟਰੈਕਟਰ ਗਿਫਟ ਕੀਤਾ ਗਿਆ ਹੈ ਜਿਸ ਕਾਰਨ ਅਸੀਂ ਅੱਜ ਸਾਰੇ ਮਾਣ ਮਹਿਸੂਸ ਕਰ ਰਹੇ ਹਾਂ।